ਰੂਪਨਗਰ,31 ਅਕਤੂਬਰ (ਸਤਨਾਮ ਸਿੰਘ ਸੱਤੀ)-ਸਥਾਨਕ ਨਹਿਰੂ ਸਟੇਡੀਅਮ ਵਿਚ ਅੱਜ ਵਾਲੀਬਾਲ ਐਸੋ: ਪੰਜਾਬ ਦੇ ਆਦੇਸ਼ਾਂ ਤੇ ਜ਼ਿਲ੍ਹਾ ਵਾਲੀਬਾਲ ਐਸੋਸੀਏਸ਼ਨ ਰੂਪਨਗਰ ਵਲੋਂ ਹੁਸ਼ਿਆਰਪੁਰ ਵਿਖੇ 8 ਤੋਂ 10 ਨਵੰਬਰ ਤੱਕ ਹੋਣ ਵਾਲੇ ਸੂਬਾ ਪੱਧਰੀ ਮੁਕਾਬਲਿਆਂ ਲਈ ਅੰਡਰ-16 ਸਾਲਾਂ ਵਰਗ ਦੇ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਦੀ ਚੋਣ ਕੀਤੀ ਗਈ | ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਜੁਝਾਰ ਸਿੰਘ ਗਰਚਾ ਨੇ ਦੱਸਿਆ ਕਿ ਇਨ੍ਹਾਂ ਚੁਣੀਆਂ ਦੋਵੇਂ ਟੀਮਾਂ ਲਈ 16-16 ਖਿਡਾਰੀਆਂ ਦੀ ਚੋਣ ਕੀਤੀ ਗਈ | ਸ੍ਰੀ ਗਰਚਾ ਨੇ ਦੱਸਿਆ ਕਿ ਚੁਣੇ ਗਏ ਸਮੂਹ ਖਿਡਾਰੀਆਂ ਲਈ ਸੂਬਾ ਪੱਧਰੀ ਮੁਕਾਬਲਿਆਂ ਤੋਂ ਪਹਿਲਾਂ ਸ੍ਰੀ ਚਮਕੌਰ ਸਾਹਿਬ ਦੇ ਸੰਤ ਬਾਬਾ ਪਿਆਰਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਚ ਲੜਕਿਆਂ ਅਤੇ ਬਜਰੂੜ ਵਿਖੇ ਲੜਕੀਆਂ ਲਈ ਕੈਂਪ ਲਗਾਇਆ ਜਾਵੇਗਾ, ਜਿਨ੍ਹਾਂ ਨੂੰ ਮਾਹਰ ਕੋਚ ਸਿਖਲਾਈ ਦੇਣਗੇ | ਸ੍ਰੀ ਗਰਚਾ ਨੇ ਦੱਸਿਆ ਕਿ ਨਹਿਰੂ ਸਟੇਡੀਅਮ ਵਿਚ ਅੱਜ ਹੋਏ ਟਰਾਇਲ ਵਿਚ ਕਰੀਬ 100 ਬੱਚਿਆਂ (ਲੜਕੇ ਅਤੇ ਲੜਕੀਆਂ) ਨੇ ਹਿੱਸਾ ਲਿਆ, ਜਿਨ੍ਹਾਂ ਵਿਚੋਂ ਜ਼ਿਲ੍ਹਾ ਚੋਣ ਕਮੇਟੀ ਦੇ ਪ੍ਰੋ: ਨਿਰਮਲ ਸਿੰਘ ਮਨੈਲੀ ਅਤੇ ਜਰਨੈਲ ਸਿੰਘ ਭੂਰੜੇ ਦੀ ਅਗਵਾਈ ਹੇਠ ਚੋਣ ਕਮੇਟੀ ਨੇ ਉਕਤ ਖਿਡਾਰੀਆਂ ਦੀ ਚੋਣ ਕੀਤੀ | ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਜੀਵਨਜੋਤ ਸਿੰਘ, ਜੋਨਲ ਸਕੱਤਰ ਹਰਮਨਦੀਪ ਸਿੰਘ ਸੰਧੂਆਂ, ਸੁਖਦੇਵ ਸਿੰਘ ਧਾਰਨੀ, ਇਕਬਾਲ ਸਿੰਘ ਕੋਚ, ਹਰਪ੍ਰੀਤ ਸਿੰਘ ਰੱਕੜ ਕੋਚ, ਗੁਰਪ੍ਰਤਾਪ ਸਿੰਘ,ਅਮਨ ਸ਼ੋਹੀ, ਐਸੋ: ਦੇ ਮੈਂਬਰ ਗੁਰਿੰਦਰ ਸਿੰਘ ਭੂਰੜੇ, ਪਰਮਵੀਰ ਸਿੰਘ, ਰਣਵੀਰ ਸਿੰਘ ਔਜਲਾ, ਹਰਜੋਤ ਸਿੰਘ, ਸੁਰਿੰਦਰ ਕੌਰ ਬਜਰੂੜ, ਸਿਮਰਨਜੀਤ ਕੌਰ ਬਜਰੂੜ ਆਦਿ ਨੇ ਖਿਡਾਰੀਆਂ ਦੇ ਹੋਏ ਟਰਾਇਲ ਵਿਚ ਪੂਰਾ ਸਹਿਯੋਗ ਦਿੱਤਾ |