ਰੂਪਨਗਰ, 1 ਨਵੰਬਰ (ਗੁਰਪ੍ਰੀਤ ਸਿੰਘ ਹੁੰਦਲ)-ਰਾਜ ਵਿਚ ਖੇਤੀ ਵਿੰਭਿਨਤਾਂ ਲਿਆਉਣ ਤਹਿਤ ਜ਼ਿਲ੍ਹਾ ਰੂਪਨਗਰ ਵਿਖੇ ਬਾਗ਼ਬਾਨੀ ਨੂੰ ਉਤਸ਼ਾਹਤ ਕਰਨ ਲਈ ਕੌਮੀ ਬਾਗਬਾਨੀ ਮਿਸ਼ਨ ਸਕੀਮ ਚਲਾਈ ਜਾ ਰਹੀ ਹੈ | ਇਹ ਜਾਣਕਾਰੀ ਦਿੰਦਿਆਂ ਬਾਗ਼ਬਾਨੀ ਵਿਕਾਸ ਅਫ਼ਸਰ ਰੂਪਨਗਰ ਡਾ. ਚਤੁਰਜੀਤ ਸਿੰਘ ਰਤਨ ਵਲੋਂ ਬਲਾਕ ਰੂਪਨਗਰ ਅਧੀਨ ਪੈਂਦੇ ਪਿੰਡ ਪੜੀ ਵਿਚ ਕਿਸਾਨਾਂ ਨੂੰ ਜਾਗਰੂਕ ਕਰਨ ਮੌਕੇ ਦੱਸਿਆ ਕਿ ਕਣਕ-ਝੋਨੇ ਦੇ ਫਸਲੀ ਚੱਕਰ ਵਿੱਚੋਂ ਬਾਹਰ ਨਿਕਲ ਕੇ ਸਾਨੂੰ ਖੇਤੀ ਵਿੰਭਿਨਤਾ ਅਪਣਾਉਂਦੇ ਹੋਏ ਦੂਜੀਆਂ ਮੁਨਾਫ਼ੇਕਾਰ ਫਸਲਾਂ ਵੱਲ ਧਿਆਨ ਦੇਣ ਦੀ ਲੋੜ ਹੈ, ਜਿਸ ਨਾਲ ਧਰਤੀ ਹੇਠਲੇ ਪਾਣੀ ਅਤੇ ਲੁਪਤ ਹੋ ਰਹੇ ਹੋਰ ਕੁਦਰਤੀ ਸਰੋਤਾਂ ਨੂੰ ਬਚਾਉਣ ਦੇ ਨਾਲ ਨਾਲ ਆਪਣੀ ਮੁਨਾਫ਼ਾਕਾਰੀ ਵਿਚ ਵਾਧਾ ਕੀਤਾ ਜਾ ਸਕੇ | ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਬਾਗਬਾਨਾਂ ਨੂੰ ਸਮੇਂ-ਸਮੇਂ ਤੇ ਤਕਨੀਕੀ ਜਾਣਕਾਰੀ ਦੇ ਨਾਲ-ਨਾਲ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਅਧੀਨ ਸਬਸਿਡੀ ਦੇ ਲਾਭ ਵੀ ਦਿੱਤੇ ਜਾ ਰਹੇ ਹਨ ਤੇ ਸਰਕਾਰ ਵਲੋਂ ਚਲਾਈ ਜਾ ਰਹੀ ਕੌਮੀ ਬਾਗ਼ਬਾਨੀ ਮਿਸ਼ਨ ਸਕੀਮ ਅਧੀਨ ਨਵੇਂ ਬਾਗ ਲਗਾਉਣ ਤੇ 20000 ਰੁਪਏ, ਵੱਖ-ਵੱਖ ਹਾਈਬਿ੍ਡ ਸਬਜੀਆਂ ਦੀ ਕਾਸ਼ਤ ਤੇ 9600 ਰੁਪਏ, ਲੱਸਣ ਅਤੇ ਪਿਆਜ਼ ਅਤੇ ਗੇਂਦਾ ਫੁੱਲ ਦੀ ਕਾਸ਼ਤ ਤੇ 8000 ਰੁਪਏ ਦੀ ਸਬਸਿਡੀ ਬਾਗਬਾਨੀ ਵਿਭਾਗ ਵਲੋਂ ਮੁਹਈਆ ਕਰਵਾਈ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਸੁਰੱਖਿਅਤ ਖੇਤੀ ਅਧੀਨ ਸਬਜੀਆਂ ਅਤੇ ਫੁੱਲਾਂ ਦੀ ਕਾਸ਼ਤ ਲਈ ਪੋਲੀ ਹਾਊਸ/ਸ਼ੇਡ ਨੈੱਟ ਯੂਨਿਟ ਸਥਾਪਿਤ ਕਰਨ ਵਾਸਤੇ 50 ਫ਼ੀਸਦ ਦੇ ਹਿਸਾਬ ਨਾਲ ਯੂਨਿਟ ਦੇ ਸਾਈਜ਼ ਮੁਤਾਬਕ ਇੱਕ ਏਕੜ ਤੱਕ ਦੇ ਪੋਲੀ ਹਾਊਸ ਯੂਨਿਟ ਤੇ 20 ਲੱਖ ਰੁਪਏ ਅਤੇ ਇੱਕ ਏਕੜ ਤੱਕ ਦੇ ਨੈੱਟ ਹਾਊਸ ਯੂਨਿਟ ਤੇ 14.20 ਲੱਖ ਰੁਪਏ ਤੱਕ ਦੀ ਸਬਸਿਡੀ ਦਿੱਤੀ ਜਾਂਦੀ ਹੈ | ਇਸੇ ਤਰ੍ਹਾਂ ਪੋਲੀ ਹਾਊਸ ਅਤੇ ਸ਼ੇਡ ਨੈੱਟ ਹਾਊਸ ਯੂਨਿਟ ਅਧੀਨ ਸਬਜੀਆਂ ਅਤੇ ਫੁੱਲਾਂ ਦੀ ਕਾਸ਼ਤ ਲਈ ਲੋੜੀਂਦੀ ਪੌਦ ਅਤੇ ਹੋਰ ਇਨਪੁਟਸ ਤੇ ਵੀ 50 ਫ਼ੀਸਦ ਦੀ ਸਬਸਿਡੀ ਉਪਲਭਧ ਹੈ | ਬਾਗ਼ਾਂ ਅਤੇ ਸਬਜੀਆਂ ਦੇ ਖੇਤਾਂ ਵਿਚ ਪਾਣੀ ਦੀ ਬਚਤ ਅਤੇ ਨਦੀਨਾਂ ਦੀ ਰੋਕਥਾਮ ਲਈ ਵਰਤੀਂ ਜਾਂਦੀ ਪਲਾਸਟਿਕ ਮਲਚਿੰਗ ਸ਼ੀਟ ਤੇ 8000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਸਬਸਿਡੀ ਉਪਲਭਧ ਹੈ | ਇਸੇ ਤਰ੍ਹਾਂ ਸਰਦੀਆਂ ਵਿਚ ਸਬਜੀਆਂ ਨੂੰ ਕੋਰੇ ਤੋਂ ਬਚਾਉਣ ਲਈ ਪਲਾਸਟਿਕ ਸ਼ੀਟ ਨਾਲ ਸੁਰੰਗਾਂ ਬਣਾ ਕੇ ਢੱਕਣ ਵਾਸਤੇ 1.0 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਉਪਲਬਧ ਹੈ | ਉਨ੍ਹਾਂ ਅੱਗੇ ਦੱਸਿਆ ਕਿ ਜੈਵਿਕ ਖੇਤੀ ਲਈ ਵਰਤੀ ਜਾਂਦੀ ਗੰਡੋਆਂ ਖਾਦ ਤਿਆਰ ਕਰਨ ਲਈ ਵਰਮੀ ਬੈੱਡ ਤੇ 8000 ਰੁਪਏ ਅਤੇ ਵਰਮੀ ਕੰਮਪੋਸਟ ਯੂਨਿਟ ਤੇ 50000 ਰੁਪਏ ਤੱਕ ਦੀ ਸਬਸਿਡੀ ਵਿਭਾਗ ਵਲੋਂ ਮੁਹਈਆ ਕਰਵਾਈ ਜਾਂਦੀ ਹੈ | ਸ਼ਹਿਦ ਮੱਖੀ ਪਾਲਣ ਦੀ ਮਹੱਤਤਾ ਬਾਰੇ ਦੱਸਦੇ ਹੋਏ ਓਹਨਾਂ ਕਿਹਾ ਕਿ ਜੋ ਕਿਸਾਨ ਸ਼ਹਿਦ ਮੱਖੀ ਪਾਲਣ ਦਾ ਕੰਮ ਕਰਨਾ ਚਾਹੁੰਦੇ ਹਨ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੇਂਦਰ ਤੋਂ ਟਰੇਨਿੰਗ ਪ੍ਰਾਪਤ ਕਰਕੇ ਸ਼ਹਿਦ ਮੱਖੀ ਪਾਲਣ ਦਾ ਕੰਮ ਸ਼ੁਰੂ ਕਰ ਸਕਦੇ ਹਨ | ਇਸ ਮੰਤਵ ਲਈ ਵਿਭਾਗ ਵਲੋਂ ਸ਼ਹਿਦ ਮੱਖੀਆਂ ਦੇ 50 ਬਕਸਿਆਂ ਤੇ 80000 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ | ਉਨ੍ਹਾਂ ਅੱਗੇ ਜਾਣਕਾਰੀ ਦਿੱਤੀ ਕਿ ਬਾਗਾਂ ਲਈ 20 ਪੀ. ਟੀ. ਓ. ਹਾਰਸ ਪਾਵਰ ਤੱਕ ਦੇ ਟਰੈਕਟਰ ਤੇ ਵੀ 40-50 ਫ਼ੀਸਦ ਦੇ ਹਿਸਾਬ ਨਾਲ 1.96 ਲੱਖ ਤੋਂ 2.45 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਮਿਲਦੀ ਹੈ | ਇਸੇ ਤਰ੍ਹਾਂ ਬਾਗ਼ਾਂ ਅਤੇ ਸਬਜੀਆਂ ਦੇ ਖੇਤਾਂ ਵਿਚ ਵਰਤੇਂ ਜਾਂਦੇ ਪਾਵਰ ਟਿੱਲਰ ਤੇ ਵੀ 40-50 ਫ਼ੀਸਦ ਦੇ ਹਿਸਾਬ ਨਾਲ 80000-100000 ਰੁਪਏ ਤੱਕ ਦੀ ਵਿੱਤੀ ਸਹਾਇਤਾ ਪ੍ਰਾਪਤ ਕੀਤੀ ਜਾ ਸਕਦੀ ਹੈ |