ਨੂਰਪੁਰ ਬੇਦੀ, 22 ਨਵੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਸਿਹਤ ਵਿਭਾਗ ਪੰਜਾਬ ਵਲੋਂ ਚਲਾਈ ਗਈ ਤੰਬਾਕੂ ਵਿਰੋਧੀ ਮੁਹਿੰਮ ਨੂੰ ਹੋਰ ਮਜ਼ਬੂਤੀ ਦੇਣ ਲਈ ਆਯੁਸ਼ਮਾਨ ਅਰੋਗਿਆ ਕੇਂਦਰ ਚੰਦਪੁਰ ਸੇਰੀ ਵਲੋਂ ਸ. ਸ. ਸਕੂਲ ਕਾਂਗੜ ਵਿਚ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ | ਜਾਗਰੂਕਤਾ ਸੈਸ਼ਨ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਤੰਬਾਕੂ ਦੇ ਮਾੜੇ ਪ੍ਰਭਾਵਾਂ, ਨਿਕੋਟੀਨ ਦੇ ਸਰੀਰ 'ਚ ਜਾਣ ਤੋਂ ਬਾਅਦ ਹੋਣ ਵਾਲੇ ਤਬਦੀਲੀ ਕਾਰੀ ਪ੍ਰਭਾਵਾਂ, ਅਤੇ ਫੇਫੜਿਆਂ, ਦਿਲ, ਜਿਗਰ ਅਤੇ ਮੌਖਿਕ ਗੁਹਾ 'ਤੇ ਪੈਣ ਵਾਲੇ ਲੰਬੇ ਸਮੇਂ ਦੇ ਨੁਕਸਾਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸਦੇ ਨਾਲ ਹੀ ਕੌਟਪਾ ਐਕਟ 2003 ਦੀਆਂ ਉਹ ਧਾਰਾਵਾਂ ਵੀ ਸਮਝਾਈਆਂ ਗਈਆਂ, ਜਿਨ੍ਹਾਂ ਅਧੀਨ ਸਕੂਲਾਂ ਦੇ 100 ਗਜ਼ ਦੇ ਘੇਰੇ ਵਿਚ ਤੰਬਾਕੂ ਦੀ ਵਿੱਕਰੀ, ਖੁੱਲ੍ਹਾ ਪ੍ਰਚਾਰ ਅਤੇ ਖਪਤ ਨੂੰ ਕਾਨੂੰਨੀ ਤੌਰ 'ਤੇ ਦੰਡਨਯੋਗ ਘੋਸ਼ਿਤ ਕੀਤਾ ਗਿਆ ਹੈ | ਇਸ ਮੌਕੇ ਹੈਲਥ ਸੁਪਰਵਾਈਜ਼ਰ ਰਜੇਸ਼ ਕੁਮਾਰ ਨੇ ਤਕਨੀਕੀ ਰੂਪ ਵਿਚ ਤੰਬਾਕੂ ਦੇ ਸਰੀਰ 'ਤੇ ਪੈਣ ਵਾਲੇ ਪ੍ਰਭਾਵਾਂ ਦੀ ਚਰਚਾ ਕਰਦਿਆਂ ਦੱਸਿਆ ਕਿ ਤੰਬਾਕੂ ਵਿਚ ਮੌਜੂਦ ਨਿਕੋਟੀਨ ਕੇਂਦਰੀ ਸਨਸਨੀ ਪ੍ਰਣਾਲੀ ਨੂੰ ਬੁਰੇ ਢੰਗ ਨਾਲ ਪ੍ਰਭਾਵਿਤ ਕਰਦਾ ਹੈ, ਜਿਸ ਨਾਲ ਦਿਲ ਦੀ ਧੜਕਣ ਅਸਧਾਰਨ ਤੌਰ 'ਤੇ ਵਧਦੀ ਹੈ ਅਤੇ ਰਕਤ ਚਾਪ 'ਚ ਖ਼ਤਰਨਾਕ ਤਬਦੀਲੀਆਂ ਪੈਦਾ ਹੁੰਦੀਆਂ ਹਨ | ਕੈਂਪ ਵਿਚ ਮੇਲ ਵਰਕਰ ਟੇਕ ਚੰਦ, ਮਨਦੀਪ ਸਿੰਘ, ਅਤੇ ਸਕੂਲ ਮੁਖੀ ਪਾਖਰ ਸਿੰਘ, ਦਿਪੰਕਰ ਕੌਸ਼ਲ, ਸੁਖਦੇਵ ਸਿੰਘ, ਦਵਿੰਦਰ ਬਾਲੇਵਾਲ, ਮਨਪ੍ਰੀਤ ਸਿੰਘ ਸਮੇਤ ਸਾਰਾ ਸਕੂਲ ਸਟਾਫ਼ ਅਤੇ ਪਿੰਡ ਦੇ ਕਈ ਦੁਕਾਨਦਾਰ ਹਾਜ਼ਰ ਸਨ |