ਚੰਡੀਗੜ੍ਹ, 23 ਨਵੰਬਰ (ਮਾਰਕੰਡਾ)- ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ (ਪੀ.ਪੀ.ਬੀ.ਐਸ.ਸੀ) ਨਾਲ ਮੀਟਿੰਗ ਉਪਰੰਤ ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੁਟਾ) ਨੇ 18 ਨਵੰਬਰ 2022 ਦੇ ਨੋਟੀਫ਼ਿਕੇਸ਼ਨ ਵਿਚ ਐਲਾਨੇ ਅਨੁਸਾਰ ਪੁਰਾਣੀ ਪੈਨਸ਼ਨ ਸਕੀਮ (ਓ.ਪੀ.ਐਸ) ਨੂੰ ਲਾਗੂ ਕਰਨ ਲਈ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ (ਐਸ.ਓ.ਪੀਜ਼) ਨੂੰ ਜਾਰੀ ਕਰਨ ਲਈ ਪੰਜਾਬ ਸਰਕਾਰ ਦੀ ਅਸਫਲਤਾ ਵਿਰੁੱਧ ਸਖ਼ਤ ਰੋਸ ਪ੍ਰਗਟ ਕੀਤਾ ਹੈ | ਇਸ ਮੌਕੇ ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਨੌਰਾ ਨੇ ਕਿਹਾ ਕਿ ਇਹ ਇਕ ਗੰਭੀਰ ਚਿੰਤਾ ਦੀ ਗੱਲ ਹੈ ਕਿ ਲੋਕਤੰਤਰੀ ਤੌਰ 'ਤੇ ਚੁਣੀ ਗਈ ਸਰਕਾਰ ਤਿੰਨ ਸਾਲਾਂ ਬਾਅਦ ਵੀ ਆਪਣੇ ਨੋਟੀਫ਼ਿਕੇਸ਼ਨ ਨੂੰ ਲਾਗੂ ਕਰਨ ਵਿਚ ਅਸਫਲ ਰਹੀ ਹੈ | ਕਰਮਚਾਰੀਆਂ ਦੇ ਵਿਸ਼ਵਾਸ ਨਾਲ ਪੰਜਾਬ ਸਰਕਾਰ ਧੋਖਾ ਕਰ ਰਹੀ ਹੈ | 'ਪੁੱਟਾ' ਨੇ ਅਪੀਲ ਕੀਤੀ ਕਿ ਸ੍ਰੀ ਆਨੰਦਪੁਰ ਸਾਹਿਬ ਵਿਖੇ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਦੌਰਾਨ ਓ.ਪੀ.ਐਸ ਲਾਗੂ ਕਰਨ ਲਈ ਐਸ.ਓ.ਪੀਜ਼ ਜਾਰੀ ਕਰਨ ਦਾ ਐਲਾਨ ਕਰਕੇ ਆਪਣੀ ਜ਼ਿੰਮੇਵਾਰੀ ਨਿਭਾਉਣ | ਇਹ ਗੁਰੂ ਦੀ ਕੁਰਬਾਨੀ ਨੂੰ ਢੁਕਵੀਂ ਸ਼ਰਧਾਂਜਲੀ ਹੋਵੇਗੀ ਅਤੇ ਸਰਕਾਰ ਦੇ ਵਾਅਦੇ ਦਾ ਸਨਮਾਨ ਹੋਵੇਗਾ | ਇਸ ਤੋਂ ਇਲਾਵਾ 'ਪੁਟਾ' 25 ਨਵੰਬਰ ਨੂੰ ਦਿੱਲੀ ਵਿਚ ਨੈਸ਼ਨਲ ਮੂਵਮੈਂਟ ਫ਼ਾਰ ਓਲਡ ਪੈਨਸ਼ਨ ਸਕੀਮ ਦੇ ਬੈਨਰ ਹੇਠ ਇਕ ਵਿਸ਼ਾਲ ਰੈਲੀ ਦੇ ਸੱਦੇ ਦਾ ਸਮਰਥਨ ਅਤੇ ਮੈਂਬਰਾਂ, ਯੂਨੀਅਨਾਂ ਅਤੇ ਫੈਡਰੇਸ਼ਨਾਂ ਨੂੰ ਵੱਡੀ ਗਿਣਤੀ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਦਾ ਹੈ |