ਨੂਰਪੁਰ ਬੇਦੀ, 6 ਦਸੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਨੂਰਪੁਰ ਬੇਦੀ ਖੇਤਰ ਦੇ 17 ਸੰਮਤੀ ਜ਼ੋਨਾਂ ਲਈ ਕੁਲ 76 ਉਮੀਦਵਾਰ ਜਿਨ੍ਹਾਂ 'ਚ ਕਵਰਿੰਗ ਉਮੀਦਵਾਰ ਵੀ ਸ਼ਾਮਿਲ ਹਨ | ਅੱਜ ਨਾਮਜ਼ਦਗੀ ਵਾਪਸ ਲੈਣ ਮੌਕੇ ਕੁੱਲ੍ਹ 7 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਹਨ, ਜਿਸ ਕਰ ਕੇ ਹੁਣ ਨੂਰਪੁਰ ਬੇਦੀ ਖੇਤਰ ਦੇ ਜ਼ੋਨਾਂ ਤੋਂ ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ 69 ਉਮੀਦਵਾਰ ਚੋਣ ਮੈਦਾਨ 'ਚ ਰਹਿ ਗਏ ਸਨ | ਉਕਤ ਨਾਮਜ਼ਦਗੀਆਂ ਵਾਪਸ ਲੈਣ ਵਾਲੇੇ 7 ਉਮੀਦਵਾਰਾਂ 'ਚ ਸ਼ਾਮਿਲ ਵੱਖ ਵੱਖ ਪਾਰਟੀਆਂ ਨਾਲ ਸੰਬੰਧਿਤ 6 ਕਵਰਿੰਗ ਉਮੀਦਵਾਰ ਸ਼ਾਮਿਲ ਹਨ | ਜਦ ਕਿ ਸ਼੍ਰੋਮਣੀ ਅਕਾਲੀ ਦੇ ਇਕ ਉਮੀਦਵਾਰ ਵਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਜਾਣ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ | ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ 3 ਉਮੀਦਵਾਰਾਂ ਦੀਆਂ ਦਰਖਾਸਤਾਂ ਪਹਿਲਾਂ ਹੀ ਰੱਦ ਹੋ ਚੁੱਕੀਆਂ ਹਨ, ਜਿਸ ਕਰ ਕੇ ਅਕਾਲੀ ਦਲ ਦੇ ਹੁਣ 17 'ਚੋਂ 13 ਉਮੀਦਵਾਰ ਹੀ ਚੋਣ ਮੈਦਾਨ ਵਿਚ ਰਹਿ ਗਏ ਹਨ | ਦੂਜੀ ਤਰਫ ਨਾਮਜਦਗੀਆਂ ਵਾਪਸ ਲੈਣ ਸੰਬੰਧੀ ਜਾਣਕਾਰੀ ਦਿੰਦਿਆਂ ਐਕਸੀਅਨ ਡ੍ਰੇਨੇਜ਼ ਵਿਭਾਗ ਤੇ ਸਹਾਇਕ ਰਿਟਰਨਿੰਗ ਅਧਿਕਾਰੀ ਅਮਰਿੰਦਰ ਸਿੰਘ ਨੇ ਦੱਸਿਆ ਕਿ ਅੱਜ 6 ਕਵਰਿੰਗ ਉਮੀਦਵਾਰਾਂ ਸਹਿਤ ਅਕਾਲੀ ਦਲ ਦੇ ਇਕ ਉਮੀਦਵਾਰ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਹਨ ਜਦ ਕਿ ਹੋਰਨਾਂ ਉਮੀਦਵਾਰਾਂ ਨੂੰ ਅੱਜ ਚੋਣ ਨਿਸ਼ਾਨ ਵੀ ਅਲਾਟ ਕਰ ਦਿੱਤੇ ਗਏ ਹਨ |