ਭਰਤਗੜ੍ਹ, 7 ਦਸੰਬਰ (ਜਸਬੀਰ ਸਿੰਘ ਬਾਵਾ)-ਸ਼ੋ੍ਰਮਣੀ ਅਕਾਲੀ ਦਲ (ਬ) ਵਲੋਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਭਰਤਗੜ੍ਹ ਤੋਂ ਐਲਾਨੇ ਉਮੀਦਵਾਰ ਬੀਬੀ ਪਰਮਜੀਤ ਕੌਰ ਪਤਨੀ ਸਟੇਟ ਐਵਾਰਡੀ ਸੁੱਚਾ ਸਿੰਘ ਸਰਸਾ ਨੰਗਲ ਵਲੋਂ ਆਪਣੀ ਚੋਣ ਮੁਹਿੰਮ ਦਾ ਆਗਾਜ਼ ਇਤਿਹਾਸਿਕ ਅਸਥਾਨ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸਰਸਾ ਨੰਗਲ ਵਿਖੇ ਸੈਂਕੜੇ ਸਮਰਥਕਾਂ ਸਮੇਤ ਨਤਮਸਤਕ ਹੋਣ ਮਗਰੋਂ ਕੀਤਾ | ਮੈਂਬਰ ਸ਼੍ਰੋਮਣੀ ਕਮੇਟੀ ਭਾਈ ਅਮਰਜੀਤ ਸਿੰਘ ਚਾਵਲਾ, ਜ਼ਿਲ੍ਹਾ ਪ੍ਰਧਾਨ ਦਰਬਾਰਾ ਸਿੰਘ ਬਾਲਾ, ਸਰਕਲ ਪ੍ਰਧਾਨ ਹਰਮੇਸ਼ ਸਿੰਘ ਅਟਾਰੀ ਤੇ ਹੋਰਨਾਂ ਨਾਲ ਮਿਲ ਕੇ ਉਮੀਦਵਾਰ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਉਪਰੰਤ ਇਨ੍ਹਾਂ ਨੇ ਸੰਬੰਧਿਤ ਪਿੰਡਾਂ ਵੱਲ ਰੁਖ਼ ਕਰ ਲਿਆ | ਇਸੇ ਦੌਰਾਨ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣ ਦੌਰਾਨ ਸੂਬੇ ਦੇ ਲੋਕਾਂ ਨੇ ਬਦਲਾਅ ਦੇ ਨਾਅਰੇ ਕਰਕੇ ਭੁਲੇਖੇ 'ਚ ਆਮ ਆਦਮੀ ਪਾਰਟੀ ਨੂੰ ਸੂਬੇ ਦੀ ਵਾਗਡੋਰ ਸੌਂਪ ਦਿੱਤੀ ਸੀ, ਹੁਣ ਪੰਜਾਬ ਦੇ ਆਵਾਮ ਨੂੰ ਪਤਾ ਲੱਗ ਗਿਆ ਹੈ ਕਿ 'ਆਪ' ਦੇ ਸੂਬਾਈ ਨੇਤਾਵਾਂ ਦੀ ਆਪਣੀ ਵਾਗਡੋਰ ਹੀ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਹੋਰਨਾਂ ਨੇਤਾਵਾਂ ਦੇ ਹੱਥ 'ਚ ਹੈ | ਉਨ੍ਹਾਂ ਕਿਹਾ ਕਿ ਇਹ ਚੋਣਾਂ ਸੂਬੇ ਦੀ ਭਵਿੱਖੀ ਸਰਕਾਰ ਦਾ ਮੁੱਢ ਹਨ, ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੂਝਵਾਨਾਂ ਨੇਤਾਵਾਂ ਨਾਲ ਮਿਲਕੇ ਇਸ ਜ਼ੋਨ ਤੋਂ ਖੇਤਰੀ ਉਮੀਦਵਾਰ ਪਰਮਜੀਤ ਕੌਰ ਨੂੰ ਉਮੀਦਵਾਰ ਐਲਾਨਿਆ ਹੈ, ਅਸੀਂ ਸਾਰੇ ਇਕਜੁੱਟ ਹੋਕੇ ਇਨ੍ਹਾਂ ਚੋਣਾਂ ਦੌਰਾਨ ਆਪਣੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਕੇ ਸੱਤਾਧਾਰੀ ਨੇਤਾਵਾਂ ਨੂੰ ਜਵਾਬ ਦੇਵਾਂਗੇ | ਇਸ ਮੌਕੇ ਜਥੇਦਾਰ ਜਰਨੈਲ ਸਿੰਘ ਸਹੋਤਾ, ਸੁਰਿੰਦਰ ਸਿੰਘ ਮਟੋਰ, ਸਵਰਨਜੀਤ ਸਿੰਘ ਬਹਾਦਰਪੁਰ, ਸੁਦਾਗਰ ਸਿੰਘ ਮਾਜਰੀ, ਅਮਨਦੀਪ ਸਿੰਘ, ਗੁਰਮੁਖ ਸਿੰਘ ਸਰਸਾ ਨੰਗਲ, ਸਰਪੰਚ ਕਮਲਜੀਤ ਕੌਰ, ਗੁਰਿੰਦਰ ਸਿੰਘ ਸਹੋਤਾ, ਸਾ: ਸਰਪੰਚ ਹਰੀ ਸਿੰਘ ਕਸਾਣਾ, ਦਿਲਬਾਗ ਸਿੰਘ, ਹਰਮੇਲ ਸਿੰਘ ਗਿੱਲ, ਸੁਦਾਗਰ ਸਿੰਘ ਮਾਜਰੀ, ਹਰੀ ਸਿੰਘ ਆਲੋਵਾਲ ਆਦਿ ਹਾਜ਼ਰ ਸਨ |