ਮੋਰਿੰਡਾ, 27 ਦਸੰਬਰ (ਪਿ੍ਤਪਾਲ ਸਿੰਘ)-ਬੀਤੀ ਰਾਤ ਨਜ਼ਦੀਕੀ ਪਿੰਡ ਢੋਲਣ ਮਾਜਰਾ ਤੋਂ ਚੋਰੀ ਕੀਤੀਆਂ ਮੱਝਾਂ ਨੂੰ ਚੋਰ ਇਕ ਸੜਕ ਹਾਦਸੇ ਤੋਂ ਬਾਅਦ ਕੈਟਰ ਸਮੇਤ ਛੱਡ ਕੇ ਫ਼ਰਾਰ ਹੋ ਗਏ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਰਨੈਲ ਸਿੰਘ ਵਾਸੀ ਢੋਲਣ ਮਾਜਰਾ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਆਪਣੀਆਂ ਮੱਝਾਂ ਦੇਖਣ ਲਈ ਮੱਝਾਂ ਵਾਲੀ ਥਾਂ ਵੱਲ ਗਿਆ ਤਾਂ ਉਥੇ ਕੁਝ ਅਣਪਛਾਤੇ ਵਿਅਕਤੀ ਇਕ ਗੱਡੀ (ਕੈਟਰ) ਨੰਬਰ ਪੀ ਬੀ 10 ਐਫ 4820 ਵਿਚ ਮੱਝਾਂ ਚੋਰੀ ਕਰਕੇ ਲੱਦ ਰਹੇ ਸਨ | ਚੋਰਾਂ ਵਲੋਂ ਇਸ ਦੌਰਾਨ ਦੋ ਮੱਝਾਂ ਤੇ ਇਕ ਕੱਟੀ ਗੱਡੀ ਵਿਚ ਲੱਦ ਲਈ ਸੀ | ਜਦੋਂ ਚੋਰਾਂ ਨੂੰ ਮੇਰੇ ਆਉਣ ਦੀ ਭਿਣਕ ਪਈ ਤਾਂ ਉਹ ਹੜਬੜਾਹਟ ਵਿਚ ਗੱਡੀ ਲੈ ਕੇ ਫਰਾਰ ਹੋ ਗਏ | ਇਸ ਦੌਰਾਨ ਚੋਰਾਂ ਨੇ ਦੋ-ਤਿੰਨ ਵਾਰ ਗੱਡੀ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਤੇ ਭੱਜਦੇ ਸਮੇਂ ਗੱਡੀ ਨਾਲ ਪਿੱਛੇ ਦੀ ਕੰਧ ਨੂੰ ਵੀ ਟੱਕਰ ਮਾਰੀ ਤੇ ਉਹ ਗੱਡੀ ਸਮੇਤ ਮੌਕੇ ਤੋਂ ਫ਼ਰਾਰ ਹੋ ਗਏ | ਕਰਨੈਲ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਵਲੋਂ ਮੋਟਰਸਾਈਕਲਾਂ ਤੇ ਗੱਡੀਆਂ ਰਾਹੀਂ ਚੋਰਾਂ ਦਾ ਪਿੱਛਾ ਵੀ ਕੀਤਾ ਗਿਆ, ਪਰ ਧੁੰਦ ਜ਼ਿਆਦਾ ਹੋਣ ਕਾਰਨ ਚੋਰਾਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ | ਸਵੇਰੇ ਕਰੀਬ 4 ਵਜੇ ਇਕ ਨੌਜਵਾਨ ਵਲੋਂ ਫੋਨ ਰਾਹੀਂ ਜਾਣਕਾਰੀ ਦਿੱਤੀ ਕਿ ਉਹੀ ਗੱਡੀ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਸਾਹਮਣੇ ਪੈਟਰੋਲ ਪੰਪ ਦੇ ਡਵਾਈਡਰ ਉੱਪਰ ਚੜ੍ਹੀ ਹੋਈ ਖੜੀ ਹੈ | ਸੂਚਨਾ ਮਿਲਣ ਉਪਰੰਤ ਉਹ ਪਿੰਡ ਵਾਸੀਆਂ ਨਾਲ ਮੌਕੇ 'ਤੇ ਪਹੁੰਚੇ ਤੇ ਆਪਣੀਆਂ ਮੱਝਾਂ ਲੈ ਆਏ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਮੋਰਿੰਡਾ ਪੁਲਿਸ ਨੂੰ ਵੀ ਸੂਚਿਤ ਕੀਤਾ, ਜਿਸ 'ਤੇ ਮੋਰਿੰਡਾ ਪੁਲਿਸ ਨੇ ਮੌਕੇ 'ਤੇ ਜਾ ਕੇ ਗੱਡੀ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ | ਇਸ ਸੰਬੰਧੀ ਸਥਾਨਕ ਪੁਲਿਸ ਮੁਖੀ ਨੇ ਦੱਸਿਆ ਹੈ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ |