01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਨਗਰ ਕੌਂਸਲ ਚੋਣਾਂ ਦੌਰਾਨ ਵਾਰਡਬੰਦੀ 'ਚ ਮਨਮਰਜ਼ੀ ਦੇ ਚਲਦਿਆਂ ਨਕਸ਼ਾ ਨਾ ਲਗਾਉਣਾ ਲੋਕਤੰਤਰ ਦਾ ਸਿੱਧਾ ਘਾਣ-ਕਾਲੇਵਾਲ <br/>

Ad Position 21
No active advertisement
ਅਜੀਤ ਡੈਸਕ 28-12-2025
ਕੁਰਾਲੀ, 27 ਦਸੰਬਰ (ਬਿੱਲਾ ਅਕਾਲਗੜ੍ਹੀਆ)-ਭਾਵੇਂ ਕਿ ਨਗਰ ਕੌਂਸਲ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਪਰ ਸਰਕਾਰ ਵਲੋਂ ਵਾਰਡਾਂ ਨਾਲ ਛੇੜਛਾੜ ਕਰਨ ਤੇ ਵਾਰਡਬੰਦੀ ਦਾ ਨਕਸ਼ਾ ਨਾ ਲਗਾਉਣ ਕਾਰਨ ਚੋਣਾਂ ਲੜਨ ਦੇ ਚਾਹਵਾਨਾਂ 'ਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ | ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ (ਦਿਹਾਤੀ) ਚਰਨਜੀਤ ਸਿੰਘ ਕਾਲੇਵਾਲ ਨੇ 'ਆਪ' ਸਰਕਾਰ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਰਕਾਰ ਵਲੋਂ ਅਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਵਾਰਡਾਂ ਦੀ ਹੱਦਬੰਦੀ ਆਪਣੀ ਮਨਮਰਜ਼ੀ ਦੇ ਤਰੀਕੇ ਨਾਲ ਤੈਅ ਕੀਤੀ ਗਈ ਹੈ, ਜੋ ਕਿ ਸਿੱਧੇ ਤੌਰ 'ਤੇ ਲੋਕਤੰਤਰ ਦੇ ਅਸੂਲਾਂ ਦਾ ਘਾਣ ਹੈ | ਕਾਲੇਵਾਲ ਨੇ ਕਿਹਾ ਕਿ ਭਾਵੇਂ ਨਗਰ ਕੌਂਸਲ ਚੋਣਾਂ ਸਰਕਾਰ ਕਿਸੇ ਸਮੇਂ ਵੀ ਕਰਵਾ ਸਕਦੀ ਹੈ, ਪਰ ਪੰਜਾਬ ਸਰਕਾਰ ਨੇ ਵਾਰਡਾਂ ਦੀ ਹਲਕਾਬੰਦੀ ਕਰਦੇ ਹੋਏ ਲਗਭਗ ਸਾਰੇ ਵਾਰਡਾਂ ਦੇ ਹਿੱਸਿਆਂ ਨੂੰ ਕੱਟ ਕੇ ਵੱਡੇ ਪੱਧਰ 'ਤੇ ਫੇਰ-ਬਦਲ ਕੀਤਾ ਹੈ, ਜਿਸ ਨਾਲ ਚੋਣਾਂ ਲੜਨ ਵਾਲੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੀਆਂ ਆਸਾਂ ਦੇ ਪਾਣੀ ਫਿਰ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਕਾਰਵਾਈ ਨਾਲ ਨਾ ਸਿਰਫ਼ ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ 'ਤੇ ਸਵਾਲ ਖੜ੍ਹੇ ਹੋ ਰਹੇ ਹਨ, ਸਗੋਂ ਲੋਕਾਂ 'ਚ ਭਾਰੀ ਉਲਝਣ ਵੀ ਪੈਦਾ ਹੋ ਰਹੀ ਹੈ | ਕਾਲੇਵਾਲ ਨੇ ਸਰਕਾਰ 'ਤੇ ਦੋਸ਼ ਲਗਾਇਆ ਕਿ ਸਰਕਾਰ ਵਲੋਂ ਅਜੇ ਤੱਕ ਨਾ ਤਾਂ ਵਾਰਡਾਂ ਦੇ ਨਕਸ਼ੇ ਜਾਰੀ ਕੀਤੇ ਗਏ ਹਨ ਤੇ ਨਾ ਹੀ ਲੋਕਾਂ ਨੂੰ ਸਪੱਸ਼ਟ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਕਿਹੜਾ ਇਲਾਕਾ ਕਿਸ ਵਾਰਡ 'ਚ ਸ਼ਾਮਿਲ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਚੋਣਾਂ ਲੜਨ ਦੇ ਚਾਹਵਾਨ ਕੌਂਸਲ ਵਲੋਂ ਜਾਰੀ ਕੀਤੇ ਨਵੇਂ ਵਾਰਡਾਂ ਦੇ ਨਕਸ਼ੇ ਲੈਣ ਲਈ ਗੇੜੇ ਮਾਰ ਰਹੇ ਹਨ, ਪਰ ਉਨ੍ਹਾਂ ਨੂੰ ਨਕਸ਼ੇ ਸੰਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ | ਇਹ ਸਾਰੀ ਸਥਿਤੀ ਸਿੱਧਾ ਲੋਕਤੰਤਰ ਦਾ ਘਾਣ ਹੈ | ਕਾਲੇਵਾਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਵਾਰਡਾਂ ਦੇ ਨਕਸ਼ੇ ਤੁਰੰਤ ਜਾਰੀ ਕਰਨ ਦੇ ਨਾਲ-ਨਾਲ ਵਾਰਡਬੰਦੀ ਦੀ ਪ੍ਰਕਿਰਿਆ ਨੂੰ ਪੂਰਾ ਪਾਰਦਰਸ਼ੀ ਬਣਾਇਆ ਜਾਵੇ ਤਾਂ ਜੋ ਨਗਰ ਕੌਂਸਲ ਚੋਣਾਂ ਨਿਰਪੱਖ ਢੰਗ ਨਾਲ ਕਰਵਾਈਆਂ ਜਾ ਸਕਣ | ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਵਾਈਸ ਪ੍ਰਧਾਨ ਦਵਿੰਦਰ ਸਿੰਘ ਠਾਕੁਰ ਤੇ ਬਲਵਿੰਦਰ ਸਿੰਘ ਰਕੌਲੀ ਸਮੇਤ ਹੋਰ ਆਗੂ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਰਾਮ ਮੰਦਰ ਵਿਖੇ ਉਸਾਰੀ ਅਧੀਨ ਇਮਾਰਤ ਦਾ ਮੰਡਪਾ ਡੋਮ ਦਾ ਲੈਂਟਰ 4 ਨੂੰ ਅਗਲੀ ਖ਼ਬਰ ਪ੍ਰਕਾਸ਼ ਪੁਰਬ ਮੌਕੇ ਗਾਹਕਾਂ ਨੂੰ ਵਿਸ਼ੇਸ਼ ਤੋਹਫ਼ੇ ਦੇਵੇਗਾ ਪ੍ਰੀਤ ਫ਼ਰਨੀਚਰ ਹਾਊਸ-ਭਾਈ ਹਰਿੰਦਰ ਸਿੰਘ
Ad Position 24