ਡੇਰਾਬੱਸੀ, 27 ਦਸੰਬਰ (ਗੁਰਮੀਤ ਸਿੰਘ)-ਪਿੰਡ ਤਿ੍ਵੇਦੀ ਕੈਂਪ ਵਿਖੇ ਖੁੱਲ੍ਹੇ ਪਏ ਨਾਲੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ | ਇਨ੍ਹਾਂ ਕਾਰਨ ਦਰਜਨਾਂ ਵਾਹਨ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ, ਜਦਕਿ ਬੇਜੁਬਾਨ ਪਸ਼ੂ ਵਾਰ-ਵਾਰ ਇਨ੍ਹਾਂ 'ਚ ਡਿਗ ਕੇ ਜ਼ਖ਼ਮੀ ਹੋ ਚੁੱਕੇ ਹਨ, ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਇਨ੍ਹਾਂ ਖੱੁਲ੍ਹੇ ਪਏ ਨਾਲਿਆਂ ਨੂੰ ਬੰਦ ਕਰਨ ਵਾਲੇ ਪਾਸੇ ਕੋਈ ਕਦਮ ਨਹੀਂ ਚੁੱਕ ਰਿਹਾ | ਲੋਕਾਂ ਨੇ ਦੱਸਿਆ ਕਿ ਹੁਣ ਮੁੜ ਇਕ ਗਾਂ ਖੁੱਲ੍ਹੇ ਨਾਲੇ 'ਚ ਡਿੱਗ ਕੇ ਵਿਚ ਹੀ ਫ਼ਸ ਗਈ | ਗਾਂ ਡਿੱਗਣ ਬਾਰੇ ਪਤਾ ਚੱਲਣ 'ਤੇ ਕਈ ਪਿੰਡ ਵਾਸੀ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਵਲੋਂ ਭਾਰੀ ਮੁਸ਼ੱਕਤ ਤੋਂ ਬਾਅਦ ਗਾਂ ਨੂੰ ਕਰੇਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ | ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਨਾਲ ਲੱਗਦੀ ਸੜਕ ਕਿਨਾਰੇ ਕਈ ਥਾਵਾਂ 'ਤੇ ਅਣਢਕੇ ਨਾਲੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ | ਉਨ੍ਹਾਂ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਕਿ ਖੱੁਲ੍ਹੇ ਪਏ ਨਾਲਿਆਂ ਨੂੰ ਜਲਦ ਢੱਕਿਆ ਜਾਵੇ ਤਾਂ ਕਿ ਕੋਈ ਬੱਚਾ ਇਨ੍ਹਾਂ 'ਚ ਡਿੱਗ ਕੇ ਹਾਦਸੇ ਦਾ ਸ਼ਿਕਾਰ ਨਾ ਹੋ ਸਕੇ |