ਕਾਹਨਪੁਰ ਖੂਹੀ, 28 ਦਸੰਬਰ (ਗੁਰਬੀਰ ਸਿੰਘ ਵਾਲੀਆ)-ਪਿੰਡ ਡੂਮੇਵਾਲ ਦੇ ਸੀਨੀਅਰ ਸੈਕੰਡਰੀ ਸਕੂਲ ਤੋਂ ਪਿੰਡ ਝੱਜ ਸਾਖਪੁਰ ਨੂੰ ਜਾਂਦੇ ਮੁੱਖ ਰਸਤੇ 'ਤੇ ਕਾਫ਼ੀ ਲੰਬੇ ਸਮੇਂ ਤੋਂ ਗੰਦੇ ਪਾਣੀ ਦੀ ਭਾਰੀ ਸਮੱਸਿਆ ਬਣੀ ਹੋਈ ਸੀ | ਨਿਕਾਸੀ ਪ੍ਰਬੰਧ ਨਾ ਹੋਣ ਕਾਰਨ ਸੜਕ 'ਤੇ ਹਮੇਸ਼ਾ ਪਾਣੀ ਖੜ੍ਹਾ ਰਹਿੰਦਾ ਸੀ, ਜਿਸ ਨਾਲ ਆਉਣ-ਜਾਣ ਵਾਲੇ ਰਾਹਗੀਰਾਂ, ਵਿਦਿਆਰਥੀਆਂ ਤੇ ਦੁਕਾਨਦਾਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਇਸ ਗੰਭੀਰ ਸਮੱਸਿਆ ਨੂੰ ਧਿਆਨ ਵਿਚ ਰੱਖਦਿਆਂ ਹਲਕਾ ਰੂਪਨਗਰ ਤੋਂ ਵਿਧਾਇਕ ਦਿਨੇਸ਼ ਚੱਢਾ ਵਲੋਂ ਪਹਿਲੇ ਪੜਾਅ 'ਚ ਲਗਪਗ 10 ਲੱਖ ਰੁਪਏ ਦੀ ਲਾਗਤ ਨਾਲ ਸੜਕ 'ਤੇ ਇੰਟਰਲਾਕ ਟਾਈਲਾਂ ਲਗਾ ਕੇ ਰਸਤੇ ਨੂੰ ਉੱਚਾ ਕੀਤਾ ਗਿਆ | ਇਸ ਤੋਂ ਬਾਅਦ ਦੂਜੇ ਪੜਾਅ 'ਚ ਗੰਦੇ ਪਾਣੀ ਦੀ ਸਥਾਈ ਨਿਕਾਸੀ ਲਈ ਕਰੀਬ 15 ਲੱਖ ਰੁਪਏ ਦੀ ਲਾਗਤ ਨਾਲ ਲਗਪਗ 350 ਮੀਟਰ ਲੰਬਾ ਨਾਲਾ ਤਿਆਰ ਕੀਤਾ | ਨਾਲੇ ਰਾਹੀਂ ਸੜਕ 'ਤੇ ਖੜ੍ਹਦਾ ਗੰਦਾ ਪਾਣੀ ਪਿੰਡ ਪਚਰੰਡਿਆ ਦੀ ਖੱਡ ਵਿਚ ਸੁਚੱਜੇ ਢੰਗ ਨਾਲ ਡਾਲਿਆਂ ਜਾ ਰਿਹਾ ਹੈ, ਜਿਸ ਨਾਲ ਨਾ ਸਿਰਫ਼ ਡੂਮੇਵਾਲ-ਝੱਜ ਸਾਖਪੁਰ ਰੋਡ ਬਲਕਿ ਝੱਜ ਚੌਕ 'ਚ ਦੁਕਾਨਾਂ ਅੱਗੇ ਪਾਣੀ ਖੜ੍ਹਨ ਦੀ ਸਮੱਸਿਆ ਦਾ ਵੀ ਪੂਰਨ ਹੱਲ ਹੋ ਗਿਆ ਹੈ | ਡੇਰਾ ਬਾਬਾ ਮਸਤ ਸ਼ਾਮ ਜੀ ਮਹਾਰਾਜ ਦੇ ਸੰਚਾਲਕ ਸਵਾਮੀ ਅਨਮੋਲਕਾਨੰਦ ਮਹਾਰਾਜ ਨੇ ਇਸ ਵਿਕਾਸ ਕਾਰਜ 'ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਵਿਧਾਇਕ ਦਿਨੇਸ਼ ਚੱਢਾ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਪਹਿਲਾਂ ਜਦੋਂ ਸੰਗਤਾਂ ਇਸ ਰਸਤੇ ਰਾਹੀਂ ਡੇਰੇ ਨੂੰ ਆਉਂਦੀਆਂ ਸਨ ਤਾਂ ਪਾਣੀ ਖੜ੍ਹਾ ਹੋਣ ਕਾਰਨ ਕਾਫ਼ੀ ਦਿੱਕਤ ਆਉਂਦੀ ਸੀ, ਪਰ ਹੁਣ ਇਹ ਸਮੱਸਿਆ ਸਦਾ ਲਈ ਦੂਰ ਹੋ ਚੁੱਕੀ ਹੈ | ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਜੇ. ਈ. ਸੁਖਬੀਰ ਸਿੰਘ ਨੇ ਦੱਸਿਆ ਕਿ ਲਗਪਗ 347 ਮੀਟਰ ਲੰਬਾ ਨਾਲਾ ਤਿਆਰ ਕੀਤਾ ਗਿਆ ਹੈ, ਜਿਸ 'ਤੇ ਕਰੀਬ 14 ਲੱਖ ਰੁਪਏ ਦੀ ਲਾਗਤ ਆਈ ਹੈ ਤੇ ਕੰਮ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕਾ ਹੈ | ਉਨ੍ਹਾਂ ਕਿਹਾ ਕਿ ਹੁਣ ਸੜਕ 'ਤੇ ਗੰਦੇ ਪਾਣੀ ਦੀ ਸਮੱਸਿਆ ਪੂਰਨ ਤੌਰ 'ਤੇ ਖ਼ਤਮ ਹੋ ਗਈ ਹੈ | ਇਲਾਕਾ ਵਾਸੀਆਂ ਤੇ ਸੰਗਤਾਂ ਨੇ ਵਿਧਾਇਕ ਦਿਨੇਸ਼ ਚੱਢਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਕੰਮ ਲੋਕਾਂ ਦੀ ਸੁਵਿਧਾ ਤੇ ਸੁਰੱਖਿਆ ਲਈ ਇੱਕ ਮਹੱਤਵਪੂਰਨ ਕਦਮ ਹੈ |