ਰੂਪਨਗਰ, 28 ਦਸੰਬਰ (ਸਟਾਫ਼ ਰਿਪੋਰਟਰ)-ਰੋਪੜ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਆਰਥਿਕ ਹਾਲਤ ਲਈ ਕੁਦਰਤੀ ਆਫ਼ਤਾਂ ਜਾਂ ਬਾਹਰੀ ਕਾਰਨ ਨਹੀਂ, ਸਗੋਂ ਸੂਬੇ 'ਚ ਹੋ ਰਿਹਾ ਕੁਪ੍ਰਬੰਧਨ ਅਤੇ ਗੈਰ-ਜ਼ਿੰਮੇਵਾਰ ਸਰਕਾਰ ਮੁੱਖ ਤੌਰ 'ਤੇ ਜ਼ਿੰਮੇਵਾਰ ਹੈ | ਇਕੱਤਰਤਾ ਉਪਰੰਤ ਉਨ੍ਹਾਂ ਕਿਹਾ ਕਿ 41 ਲੱਖ ਹੈਕਟੇਅਰ ਖੇਤੀਯੋਗ ਜ਼ਮੀਨ ਵਾਲਾ ਪੰਜਾਬ ਕਦੇ ਦੇਸ਼ ਦੀ ਜੀ. ਡੀ. ਪੀ. 'ਚ ਲਗਪਗ 8.5 ਫ਼ੀਸਦੀ ਯੋਗਦਾਨ ਪਾਉਂਦਾ ਸੀ, ਪਰ ਅੱਜ ਜੀ. ਡੀ. ਪੀ. ਦੇ ਮਾਮਲੇ 'ਚ 16ਵੇਂ ਨੰਬਰ 'ਤੇ ਹੈ, ਜਦਕਿ ਹਰਿਆਣਾ ਚੌਥੇ ਨੰਬਰ 'ਤੇ ਪਹੁੰਚ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਪ੍ਰਤੀ ਵਿਅਕਤੀ ਆਮਦਨ ਵੀ ਪੰਜਾਬ 'ਚ ਕਰੀਬ 1.96 ਲੱਖ ਰੁਪਏ ਹੈ, ਜਦਕਿ ਹਰਿਆਣਾ ਵਿਚ ਇਹ 2.94 ਲੱਖ ਰੁਪਏ ਹੈ | ਅਸ਼ਵਨੀ ਸ਼ਰਮਾ ਨੇ ਦਾਅਵਾ ਕੀਤਾ ਕਿ ਪੰਜਾਬ ਨੂੰ ਮੁੜ ਖ਼ੁਸ਼ਹਾਲੀ ਵੱਲ ਲਿਜਾਉਣ ਲਈ ਕਾਂਗਰਸ ਹੀ ਇਕਮਾਤਰ ਵਿਕਲਪ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਵੱਡੇ ਸੰਸਥਾਨ ਕਾਂਗਰਸ ਦੇ ਰਾਜ ਦੌਰਾਨ ਬਣੇ, ਜਿਵੇਂ ਨੈਸ਼ਨਲ ਫਰਟਿਲਾਈਜ਼ਰ ਲਿਮਿਟਡ ਨੰਗਲ, ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਪੀ.ਜੀ.ਆਈ. ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਆਦਿ | ਉਨ੍ਹਾਂ ਕਿਹਾ ਕਿ 16 ਮੈਡੀਕਲ ਕਾਲਜਾਂ ਦੇ ਨੀਂਹ ਪੱਥਰ ਰੱਖਣ ਦੇ ਬਾਵਜੂਦ ਅਜੇ ਤੱਕ 'ਆਪ' ਸਰਕਾਰ ਕਿਸੇ ਇਕ ਦੇ ਬਣਨ ਦੀ ਪੁਸ਼ਟੀ ਨਹੀਂ ਕਰ ਸਕੀ | ਉਨ੍ਹਾਂ ਕਿਹਾ ਕਿ ਪੰਜਾਬ 'ਤੇ 3.82 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਤੇ ਆਯੁਸ਼ਮਾਨ ਯੋਜਨਾ ਦੇ ਲਗਪਗ 600 ਕਰੋੜ ਰੁਪਏ ਹਸਪਤਾਲਾਂ ਦੇ ਬਕਾਇਆ ਹਨ, ਜਦਕਿ ਸਰਕਾਰ ਨੇ ਪ੍ਰਚਾਰ 'ਤੇ 1600 ਕਰੋੜ ਰੁਪਏ ਖ਼ਰਚ ਦਿੱਤੇ | ਇਸ ਮੌਕੇ ਰਮੇਸ਼ ਗੋਇਲ, ਪ੍ਰੇਮ ਸਿੰਘ ਡੱਲਾ (ਪ੍ਰਧਾਨ ਐਸ. ਸੀ. ਸੈੱਲ), ਰਾਜੇਸ਼ਵਰ ਲਾਲੀ, ਲਖਵੰਤ ਹਿਰਦਪੁਰ, ਅਵਨੀਸ਼ ਮੋਦਗਿਲ, ਸ਼ਿੰਗਾਰਾ ਸਿੰਘ (ਮੈਂਬਰ ਬਲਾਕ ਸੰਮਤੀ), ਆਸਿਫ਼ (ਪ੍ਰਧਾਨ ਘੱਟ ਗਿਣਤੀ ਸੈੱਲ), ਕੌਂਸਲਰ ਰਜੇਸ਼ ਕੁਮਾਰ, ਕੌਂਸਲਰ ਮਦਨ, ਦਕਸ਼ ਕੱਕੜ, ਮਿੰਟੂ, ਸਰਾਫ (ਸਿਟੀ ਪ੍ਰਧਾਨ), ਹਿਮਾਂਸ਼ੂ ਟੰਡਨ, ਸੂਰਜ ਧੀਮਾਨ, ਰਾਣਾ ਸੁਰਿੰਦਰ ਮਕਾਰੀ, ਅਸ਼ੋਕ ਸ਼ਰਮਾ, ਰਾਜਿੰਦਰ ਭੰਵਰਾ, ਹਰਮੀਤ ਸਿੰਘ, ਜਸਪਾਲ ਸਿੰਘ, ਰਇਸ਼ ਬਾਬੂ ਅਤੇ ਭੁਇੰਦਰ ਸਿੰਘ ਰੈਲੋਂ ਸਮੇਤ ਹੋਰ ਆਗੂ ਹਾਜ਼ਰ ਸਨ |