ਅਜਨਾਲਾ/ਹਰਸ਼ਾ ਛੀਨਾ, ਗੱਗੋਮਾਹਲ 4 ਸਤੰਬਰ (ਢਿੱਲੋਂ, ਕੜਿਆਲ, ਸੰਧੂ)-ਜ਼ਿਲ੍ਹਾ ਅੰਮਿ੍ਤਸਰ ਦੇ ਸਰਹੱਦੀ ਖੇਤਰਾਂ ਵਿਚ ਹੜਾਂ ਵਲੋਂ ਮਚਾਏ ਕਹਿਰ ਕਾਰਨ ਪ੍ਰਭਾਵਿਤ ਹੋਏ ਪਰਿਵਾਰਾਂ ਦੀ ਸਾਰ ਲੈਣ ਪੁੱਜੇ ਵਿਧਾਨ ਸਭਾ ਹਲਕਾ ਅੰਮਿ੍ਤਸਰ ਪੂਰਬੀ ਦੇ ਵਿਧਾਇਕਾ ਮੈਡਮ ਜੀਵਨਜੋਤ ਕੌਰ ਵਲੋਂ ਤਹਿਸੀਲ ਅਜਨਾਲਾ ਦੇ ਗੱਗੋਮਾਹਲ, ਗੁੱਜਰਪੁਰਾ, ਕੁਰਾਲੀਆਂ ਸਮੇਤ ਹੋਰਨਾਂ ਖੇਤਰਾਂ ਦਾ ਦੌਰਾ ਕਰਦਿਆਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਲੋੜੀਂਦਾ ਸਾਮਾਨ ਵੰਡਿਆ ਅਤੇ ਹੜ੍ਹ ਪੀੜਿਤ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ | ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਉਪਰੰਤ ਮੈਡਮ ਜੀਵਨਜੋਤ ਕੌਰ ਕਿਹਾ ਕਿ ਪੀੜਿਤ ਪਰਿਵਾਰਾਂ ਦੇ ਮੁੜ ਵਸੇਬੇ ਅਤੇ ਬੇਘਰ ਤੇ ਹੜ੍ਹ ਪਰਿਵਾਰਾਂ ਦੇ ਪੈਰਾਂ ਸਿਰ ਖੜੇ ਹੋਣ ਤੱਕ ਪੀੜਿਤ ਪਰਿਵਾਰਾਂ ਦੀ ਮਦਦ ਲਈ ਉਨ੍ਹਾਂ ਵਲੋਂ 'ਇਕ ਪਰਿਵਾਰ ਮੈਂ ਜ਼ਿੰਮੇਵਾਰ' ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਕਿ ਪੀੜਿਤ ਪਰਿਵਾਰ ਨੂੰ ਰਾਸ਼ਨ ਜਾਂ ਸਾਮਾਨ ਦੇਣਾ ਨਹੀਂ ਸਗੋਂ ਪ੍ਰਭਾਵਿਤ ਪਰਿਵਾਰਾਂ ਨੂੰ ਸਮਾਜਿਕ, ਆਰਥਿਕ ਅਤੇ ਸਮਾਜਿਕ ਤੌਰ ਤੇ ਸਹਾਰਾ ਦੇਣਾ ਹੈ | ਇਸ ਸਮੇਂ ਉਨ੍ਹਾਂ ਨਾਲ ਬਾਰ ਐਸੋਸੀਏਸ਼ਨ ਅਜਨਾਲਾ ਦੇ ਪ੍ਰਧਾਨ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਐਡਵੋਕੇਟ ਹਰਪਾਲ ਸਿੰਘ ਨਿੱਜਰ, ਮਨਮੋਹਨ ਸਿੰਘ ਯੂਥ ਕਲੱਬ ਕੋਆਰਡੀਨੇਟਰ, ਸਾਹਿਬ ਸਿੰਘ ਪੰਨੂੰ ਯੂਥ ਵਿੰਗ ਪ੍ਰਧਾਨ, ਜਸਕੀਰਤ ਸਿੰਘ, ਦਿਲਰਾਜ ਸਿੰਘ, ਮਨਿੰਦਰ ਸਿੰਘ, ਚੇਤਨ ਬਾਵਾ, ਰਾਜਬੀਰ ਸਿੰਘ ਮੀਡੀਆ ਇੰਚਾਰਜ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਤੇ ਵਲੰਟੀਅਰ ਹਾਜ਼ਰ ਸਨ |