ਬਾਬਾ ਬਕਾਲਾ ਸਾਹਿਬ, 24 ਸਤੰਬਰ (ਰਾਜਨ)-ਸ੍ਰੀ ਗੁਰੂੁ ਤੇਗ ਬਹਾਦਰ ਸਾਹਿਬ ਜੀ ਅਤੇ ਮਾਤਾ ਗੁੱਜਰੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ, 28 ਸਤੰਬਰ, ਦਿਨ ਐਤਵਾਰ ਨੂੰ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਤੋਂ ਸ੍ਰੀ ਕਰਤਾਰਪੁਰ ਸਾਹਿਬ (ਜਲੰਧਰ) ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਜਾ ਰਿਹਾ ਹੈ | ਇਸ ਸੰਬੰਧੀ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਅਤੇ ਜਥੇਦਾਰ ਅਮਰਜੀਤ ਸਿੰਘ ਭਲਾਈਪੁਰ (ਦੋਵੇਂ ਮੈਂਬਰ ਸ਼੍ਰੋਮਣੀ ਕਮੇਟੀ) ਨੇ ਦੱਸਿਆ ਹੈ ਕਿ ਨਗਰ ਕੀਰਤਨ ਸੰਬੰਧੀ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਉਨ੍ਹਾਂ ਨੇ ਹਲਕਾ ਬਾਬਾ ਬਕਾਲਾ ਸਾਹਿਬ ਦੀ ਸਮੂਹ ਸੰਗਤਾਂ ਨੂੰ ਇਸ ਨਗਰ ਕੀਰਤਨ ਵਿਚ ਵੱਡੀ ਗਿਣਤੀ ਵਿਚ ਟਰੈਕਟਰ ਟਰਾਲੀਆਂ, ਕਾਰਾਂ ਅਤੇ ਬੱਸਾਂ ਰਾਹੀਂ ਸ਼ਮੂਲੀਅਤ ਕਰਨ ਲਈ ਅਪੀਲ ਕੀਤੀ | ਇਸ ਮੌਕੇ ਮੈਨੇਜਰ ਭਾਈ ਸਤਿੰਦਰ ਸਿੰਘ ਬਾਜਵਾ, ਐਡੀਸ਼ਨਲ ਮੈਨੇਜਰ ਬਲਜੀਤ ਸਿੰਘ ਕੰਗ, ਮੀਤ ਮੈਨੇਜਰ ਜਗਤਾਰ ਸਿੰਘ, ਮੀਤ ਮੈਨੇਜਰ ਭਾਈ ਸ਼ੇਰ ਸਿੰਘ ਨੇ ਕਿਹਾ ਕਿ ਉਹ ਨਗਰ ਕੀਰਤਨ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੂੰ ਲੈ ਕੇ ਕਰਤਾਰਪੁਰ ਸਾਹਿਬ ਪੁੱਜਣਗੇ ਅਤੇ ਉਥੇ ਹੋਣ ਵਾਲੇ ਸਮਾਗਮਾਂ ਵਿਚ ਸ਼ਿਰਕਤ ਕਰਨਗੇ |