ਮਜੀਠਾ, 1 ਨਵੰਬਰ (ਜਗਤਾਰ ਸਿੰਘ ਸਹਿਮੀ) -ਸਬ ਡਿਵੀਜ਼ਨ ਮਜੀਠਾ ਵਿਖੇ ਅੱਜ ਇੱਕ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ 'ਚ ਸੇਵਾ ਮੁਕਤ ਹੋ ਰਹੇ ਸੀਨੀਅਰ ਡਿਵੀਜ਼ਨਲ ਅਫਸਰ (ਐੱਸ.ਡੀ.ਓ.) ਲਖਬੀਰ ਸਿੰਘ ਅਤੇ ਕਲਰਕ ਲਖਵਿੰਦਰ ਸਿੰਘ ਨੂੰ ਸਮੂਹ ਬਿਜਲੀ ਮੁਲਾਜ਼ਮਾਂ ਵਲੋਂ ਨਿੱਘੀ ਵਿਦਾਇਗੀ ਦਿੱਤੀ ਗਈ | ਉਨ੍ਹਾਂ ਨੂੰ ਯਾਦਗਾਰੀ ਚਿੰਨ, ਤੋਹਫੇ ਤੇ ਪੁਸ਼ਪ ਹਾਰਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਐੱਸ. ਡੀ. ਓ. ਲਖਬੀਰ ਸਿੰਘ ਤੇ ਕਲਰਕ ਲਖਵਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਨਾਤੇ-ਰਿਸ਼ਤੇਦਾਰ ਵੀ ਮੌਜੂਦ ਸਨ, ਜਿਨ੍ਹਾਂ ਨੇ ਵੀ ਭਾਵੁਕ ਅੰਦਾਜ਼ ਵਿਚ ਧੰਨਵਾਦ ਜ਼ਾਹਿਰ ਕੀਤਾ | ਸਨਮਾਨ ਸਮਾਰੋਹ ਦੌਰਾਨ ਬੁਲਾਰਿਆਂ ਨੇ ਸੇਵਾ ਮੁਕਤ ਹੋਣ ਵਾਲੇ ਸਾਥੀਆਂ ਨੂੰ ਭਵਿੱਖ ਦੀਆਂ ਖੁਸ਼ੀਆਂ ਲਈ ਵਧਾਈ ਦਿੱਤੀ | ਬੁਲਾਰਿਆਂ ਨੇ ਕਿਹਾ ਲਖਬੀਰ ਸਿੰਘ ਦੇ ਸੇਵਾ ਮੁਕਤ ਹੋਣ ਨਾਲ ਸਬ ਡਵੀਜ਼ਨ ਮਜੀਠਾ-2 'ਚ ਹੁਣ ਕੋਈ ਐਸ.ਡੀ.ਓ. ਨਹੀਂ ਰਿਹਾ | ਇਸੇ ਤਰ੍ਹਾਂ ਲਖਵਿੰਦਰ ਸਿੰਘ ਦੇ ਜਾਣ ਨਾਲ ਦੋਵਾਂ ਡਵੀਜ਼ਨਾਂ ਵਿਚ ਸਿਰਫ ਇੱਕ ਕਲਰਕ ਡਿਊਟੀ 'ਤੇ ਬਚਿਆ ਹੈ | ਜਥੇਬੰਦੀ ਆਗੂਆਂ ਨੇ ਜ਼ੋਰ ਦਿੰਦੇ ਹੋਏ ਕਿਹਾ, 'ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਨਿੱਜੀਕਰਨ ਦੀ ਨੀਤੀ ਅਧੀਨ ਨਵੀਂ ਭਰਤੀ ਨਹੀਂ ਕਰ ਰਹੇ | ਆਗੂਆਂ ਨੇ ਅਪੀਲ ਕੀਤੀ ਕਿ ਮਹਿਕਮੇ ਨੂੰ ਬਚਾਉਣ ਲਈ ਸਭ ਜਥੇਬੰਦੀਆਂ ਨੂੰ ਲੰਬੇ, ਤਿੱਖੇ ਅਤੇ ਸਾਂਝੇ ਸੰਘਰਸ਼ ਕਰਨੇ ਪੈਣਗੇ | ਸਮਾਰੋਹ ਵਿਚ ਰਾਓ ਗੌਰਵ ਸਿੰਘ, ਜਤਿੰਦਰ ਕੁਮਾਰ, ਗੁਰਵਿੰਦਰ ਸਿੰਘ (ਸਾਰੇ ਐਸ.ਡੀ.ਓ.) ਕੁੰਦਨ ਲਾਲ, ਦਿਲਬਾਗ ਸਿੰਘ, ਬਲਜਿੰਦਰ ਸਿੰਘ, ਰਘਬੀਰ ਸਿੰਘ (ਸਾਰੇ ਜੇ.ਈ.) ਕਿ੍ਸ਼ਨ ਸਿੰਘ ਅÏਲਖ, ਗੁਰਪ੍ਰੀਤ ਸਿੰਘ ਸੋਹੀਆਂ, ਗੁਲਜਿੰਦਰ ਸਿੰਘ, ਗੁਰਮੀਤ ਸਿੰਘ (ਸਾਰੇ ਕਮੇਟੀ ਮੈਂਬਰ) ਨੇ ਸੰਬੋਧਨ ਕੀਤਾ | ਸਟੇਜ ਦੀ ਕਾਰਵਾਈ ਅਮਰੀਕ ਸਿੰਘ ਲੁਹਾਰਕਾ ਨੇ ਨਿਭਾਈ ਅਤੇ ਅਖੀਰ 'ਚ ਕਮੇਟੀ ਦੇ ਪ੍ਰਧਾਨ ਸੁਖਪਾਲ ਸਿੰਘ ਮਜੀਠਾ ਨੇ ਆਏ ਸਾਥੀਆਂ ਦਾ ਧੰਨਵਾਦ ਕੀਤਾ |