ਮਜੀਠਾ, 6 ਦਸੰਬਰ (ਮਨਿੰਦਰ ਸਿੰਘ ਸੋਖੀ)-ਪਿਛਲੇ ਦਿਨੀਂ ਪਿੰਡ ਗੋਸਲ ਜਿੰਮੀਦਾਰਾਂ ਦੇ ਇਕ ਨੌਜਵਾਨ ਦੀ ਭੇਦਭਰੀ ਹਾਲਤ ਵਿਚ ਮੌਤ ਹੋਣ ਮਾਮਲਾ ਸਾਹਮਣੇ ਆਇਆ ਹੈ | ਥਾਣਾ ਮਜੀਠਾ ਵਿਖੇ ਗੁਰਨਾਮ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਗੋਸਲ ਜਿੰਮੀਦਾਰਾਂ ਨੇ ਲਿਖਤੀ ਦਰਖਾਸਤ ਦਿੱਤੀ ਹੈ ਕਿ ਕਿ ਉਸ ਦਾ ਪੁੱਤਰ ਜਸਬੀਰ ਸਿਘ ਜਿਹੜਾ ਕਿ ਕਰੀਬ 6 ਮਹੀਨੇ ਪਹਿਲਾਂ ਵਿਦੇਸ਼ ਦੁਬਈ ਗਿਆ ਸੀ ਅਤੇ 9 ਨਵੰਬਰ ਨੂੰ ਉਹ ਵਾਪਸ ਭਾਰਤ ਆਪਣੇ ਪਿੰਡ ਆਇਆ ਸੀ | 10 ਨਵੰਬਰ ਨੂੰ ਉਸ ਦੇ ਪਿੰਡ ਦੇ ਹੀ ਦੋ ਵਿਅਕਤੀ ਉਨ੍ਹਾਂ ਦੇ ਘਰ ਮੋਟਰਸਾਈਕਲ 'ਤੇ ਆਏ ਅਤੇ ਉਸ ਦੇ ਲੜਕੇ ਜਸਬੀਰ ਸਿੰਘ ਨੂੰ ਆਪਣੇ ਨਾਲ ਮੋਟਰਸਾਈਕਲ 'ਤੇ ਬਿਠਾ ਕੇ ਲੈ ਗਏ | ਉਸ ਵਲੋਂ ਦਿੱਤੀ ਦਰਖਾਸਤ ਅਨੁਸਾਰ ਦੇਰ ਰਾਤ ਤੱਕ ਉਹ ਆਪਣੇ ਬੇਟੇ ਦੀ ਇੰਤਜ਼ਾਰ ਕਰਦੇ ਰਹੇ ਪਰ ਜਦ ਉਹ ਘਰ ਵਾਪਸ ਨਾ ਆਇਆ ਤਾਂ ਉਨ੍ਹਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਤਾਂ ਉਨ੍ਹਾਂ ਨੇ ਆਪਣੇ ਪਿੰਡ ਦੀ ਗਰਾਊਾਡ ਵਿਚ ਜਾ ਕੇ ਦੇਖਿਆ ਤਾਂ ਉਨ੍ਹਾਂ ਦਾ ਬੇਟਾ ਮਿ੍ਤਕ ਹਾਲਤ ਵਿਚ ਪਿਆ ਸੀ | ਦਰਖਾਸਤ ਵਿਚ ਗੁਰਮੀਤ ਸਿੰਘ ਨੇ ਉਕਤ ਵਿਅਕਤੀਆਂ ਖਿਲਾਫ ਕਥਿਤ ਤੌਰ 'ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਹੀ ਉਸ ਦੇ ਪੁੱਤਰ ਨੂੰ ਕੋਈ ਜ਼ਹਿਰੀਲੀ ਵਸਤੂ ਦੇ ਕੇ ਉਸ ਨੂੰ ਮਾਰ ਕੇ ਸੁੱਟ ਦਿੱਤਾ ਹੈ | ਮਿ੍ਤਕ ਦੀ ਮਾਤਾ ਰਣਜੀਤ ਕੌਰ ਅਤੇ ਭਰਾ ਪਰਨਬੀਰ ਸਿੰਘ ਨੇ ਦੱਸਿਆ ਕਿ ਇੰਨੇ ਦਿਨ ਬੀਤ ਜਾਣ 'ਤੇ ਵੀ ਉਨ੍ਹਾਂ ਵਲੋਂ ਥਾਣਾ ਮਜੀਠਾ ਅਤੇ ਬਾਅਦ ਵਿਚ ਡੀ.ਐੱਸ.ਪੀ. ਮਜੀਠਾ ਨੂੰ ਦਿੱਤੀ ਦਰਖਾਸਤ 'ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ | ਉਨ੍ਹਾਂ ਦੱਸਿਆ ਕਿ ਕਥਿਤ ਕਾਤਲ ਸ਼ਰੇਆਮ ਪਿੰਡ ਵਿਚ ਘੁੰਮਦੇ ਫਿਰਦੇ ਹਨ ਪਰ ਉਨ੍ਹਾਂ ਨੂੰ ਆਪਣੇ ਮਿ੍ਤਕ ਪੁੱਤਰ ਦਾ ਪੁਲਿਸ ਵਲੋਂ ਇਨਸਾਫ ਨਹੀਂ ਮਿਲਿਆ | ਪੀੜ੍ਹਤ ਪਰਿਵਾਰ ਨੇ ਡੀ.ਜੀ.ਪੀ. ਪੁਲਿਸ ਅਤੇ ਮੁੱਖ ਮੰਤਰੀ ਪੰਜਾਬ ਪਾਸੋਂ ਆਪਣੇ ਪੁੱਤਰ ਦੀ ਹੋਈ ਮੌਤ ਦੇ ਇਨਸਾਫ ਦੀ ਮੰਗ ਕੀਤੀ | ਉਧਰ ਐੱਸ.ਐੱਚ.ਓ. ਮਜੀਠਾ ਕਰਮਪਾਲ ਸਿੰਘ ਨਾਲ ਗੱਲ ਕਰਨ 'ਤੇ ਉਸ ਨੇ ਕਿਹਾ ਕਿ ਉਨ੍ਹਾਂ ਨੂੰ ਦਰਖਾਸਤ ਮਿਲੀ ਹੈ | ਦਰਖਾਸਤ ਅਨੁਸਾਰ ਮਾਮਲੇ ਸੰਬੰਧੀ ਤਫਤੀਸ਼ ਕੀਤੀ ਜਾ ਰਹੀ ਹੈ |