ਜੰਡਿਆਲਾ ਗੁਰੂ, 18 ਦਸੰਬਰ (ਹਰਜਿੰਦਰ ਸਿੰਘ ਕਲੇਰ)ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਜੰਡਿਆਲਾ ਗੁਰੂ ਵਿਚ ਲੋਕਤੰਤਰ ਦਾ ਸਰਾਸਰ ਕਤਲ ਹੋਇਆ ਹੈ | ਇਹ ਦੋਸ਼ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਲਾਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਜਿੱਤੀਆਂ ਨਹੀਂ, ਸਗੋਂ ਰਾਤ ਦੇ ਹਨ੍ਹੇਰੇ 'ਚ ਲੁੱਟੀਆਂ ਹਨ | ਕਾਂਗਰਸੀ ਉਮੀਦਵਾਰਾਂ ਦੀਆਂ ਵੋਟਾਂ ਰੱਦ ਕਰਕੇ ਵਾਰ ਵਾਰ ਟਾਸਾਂ ਪਾ ਕੇ ਹਰਾਇਆ ਗਿਆ | ਡੈਨੀ ਬੰਡਾਲਾ ਨੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. 'ਤੇ ਤਿੱਖਾ ਤੰਜ ਕੱਸਦਿਆਂ ਕਿਹਾ ਕਿ ਉਨ੍ਹਾਂ ਦੇ ਸਿੱਧੇ ਇਸ਼ਾਰਿਆਂ 'ਤੇ ਪ੍ਰਸ਼ਾਸਨਕ ਅਧਿਕਾਰੀਆਂ ਨੇ ਦੇਰ ਰਾਤ ਤੱਕ ਨਤੀਜੇ ਬਦਲਣ ਲਈ ਹਰ ਸੰਭਵ ਜ਼ੋਰ ਲਾਇਆ | ਉਨ੍ਹਾਂ ਦੱਸਿਆ ਕਿ ਪਿੰਡ ਚੌਹਾਨ ਤੋਂ ਬਲਾਕ ਸੰਮਤੀ ਮੈਂਬਰ ਦੇ ਤੌਰ 'ਤੇ ਕਾਂਗਰਸੀ ਉਮੀਦਵਾਰ ਮਨਜੀਤ ਸਿੰਘ ਚੌਹਾਨ ਜਿੱਤ ਚੁੱਕੇ ਸਨ, ਪਰ ਆਪ ਦੇ ਸੰਭਾਵੀ ਚੇਅਰਮੈਨੀ ਉਮੀਦਵਾਰ ਨੂੰ ਜਿਤਾਉਣ ਲਈ ਵੋਟਾਂ ਦੀ ਬਾਰ-ਬਾਰ ਗਿਣਤੀ ਕਰਵਾਈ ਗਈ, ਤਾਂ ਜੋ ਕਿਸੇ ਵੀ ਤਰੀਕੇ ਨਾਲ ਕਾਂਗਰਸੀ ਉਮੀਦਵਾਰ ਨੂੰ ਹਰਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਸਾਰੀ ਸਾਜ਼ਿਸ਼ ਦੇ ਬਾਵਜੂਦ ਕਾਂਗਰਸੀ ਵਰਕਰਾਂ ਦੀ ਸੁਚੇਤਤਾ ਕਾਰਨ ਮਨਜੀਤ ਸਿੰਘ ਚੌਹਾਨ ਨੇ ਹਰਪਾਲ ਸਿੰਘ ਚੌਹਾਨ ਨੂੰ ਚਾਰ ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ, ਜਿਸ ਨਾਲ ਕਾਂਗਰਸੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ | ਡੈਨੀ ਬੰਡਾਲਾ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਨੇ 'ਸਿਸੌਦੀਆ ਮਾਡਲ' ਦੀ ਤਰਜ਼ 'ਤੇ ਕਾਂਗਰਸੀ ਉਮੀਦਵਾਰਾਂ ਦੀ ਜਿੱਤ ਨੂੰ ਜਬਰਦਸਤੀ ਹਾਰ 'ਚ ਬਦਲਿਆ, ਜੋ ਪੰਜਾਬ ਦੇ ਲੋਕਤੰਤਰ ਲਈ ਬਹੁਤ ਹੀ ਖ਼ਤਰਨਾਕ ਸੰਕੇਤ ਹੈ | ਆਪ ਸਰਕਾਰ ਦੀਆਂ ਇਨ੍ਹਾਂ ਧੱਕੇਸ਼ਾਹੀਆਂ ਦਾ ਜਵਾਬ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਦੇਣਗੇ |