ਅੰਮਿ੍ਤਸਰ, 18 ਦਸੰਬਰ (ਹਰਮਿੰਦਰ ਸਿੰਘ)-ਸ਼ਹਿਰ 'ਚ ਆਵਾਜਾਈ ਨੂੰ ੂ ਸਚਾਰੂ ਬਣਾਉਣ ਲਈ ਸੜਕਾਂ 'ਤੇ ਲੱਗਣ ਵਾਲੇ ਜਾਮ ਹਟਾਉਣ ਲਈ ਨਗਰ ਨਿਗਮ ਦੇ ਅਸਟੇਟ ਵਿਭਾਗ ਦੀ ਟੀਮ ਟਰੈਫਿਕ ਪੁਲਿਸ ਦਾ ਸਹਿਯੋਗ ਕਰੇਗੀ ਅਤੇ ਟਰੈਫਿਕ ਪੁਲਿਸ ਦੇ ਨਾਲ ਮਿਲ ਕੇ ਸੜਕਾਂ ਤੋਂ ਨਾਜਾਇਜ਼ ਕਬਜ਼ੇ ਹਟਾਏਗੀ | ਇਸ ਸੰਬੰਧ ਵਿਚ ਟਰੈਫਿਕ ਪੁਲਿਸ ਅਤੇ ਅਸਟੇਟ ਵਿਭਾਗ ਦੀ ਸਾਂਝੀ ਟੀਮ ਵਲੋਂ ਸਥਾਨਕ ਅਜਨਾਲਾ ਰੋਡ ਵਿਖੇ ਸੜਕ ਤੋਂ ਨਾਜਾਇਜ਼ ਕਬਜ਼ੇ ਹਟਾਏ ਦੁਕਾਨਦਾਰਾਂ ਅਤੇ ਰੇਹੜੀਆਂ ਵਾਲਿਆਂ ਦਾ ਸੜਕ ਦੀ ਜਗ੍ਹਾ 'ਤੇ ਪਿਆ ਸਾਮਾਨ ਜਬਤ ਕੀਤਾ ਗਿਆ | ਸ਼ਹਿਰ ਵਿਚ ਆਵਾਜਾਈ ਸਮੱਸਿਆ ਦਿਨ ਪ੍ਰਤੀ ਦਿਨ ਵਧ ਰਹੀ ਸੀ | ਟਰੈਫਿਕ ਪੁਲਿਸ ਦੇ ਯਤਨਾਂ ਦੇ ਬਾਵਜੂਦ ਵੀ ਸੜਕਾਂ 'ਤੇ ਆਵਾਜਾਈ ਦੇ ਜਾਮ ਲੱਗ ਰਹੇ ਸਨ | ਜਿਸ ਦਾ ਮੁੱਖ ਕਾਰਨ ਸੜਕਾਂ 'ਤੇ ਹੋਣ ਵਾਲੇ ਨਾਜਾਇਜ਼ ਕਬਜ਼ੇ ਪਾਏ ਗਏ | ਇਸ ਸਮੱਸਿਆ ਦਾ ਹੱਲ ਕਰਨ ਲਈ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਵਲੋਂ ਨਿਗਮ ਦੇ ਅਸਟੇਟ ਵਿਭਾਗ ਦੀ ਟੀਮ ਟਰੈਫਿਕ ਪੁਲਿਸ ਦੇ ਨਾਲ ਲਗਾਈ ਜਾ ਰਹੀ ਹੈ | ਟਰੈਫਿਕ ਪੁਲਿਸ ਅਤੇ ਅਸਟੇਟ ਵਿਭਾਗ ਦੀ ਸਾਂਝੀ ਟੀਮ ਹੁਣ ਸ਼ਹਿਰ ਵਿਚੋਂ ਨਾਜਾਇਜ਼ ਕਬਜ਼ੇ ਹਟਾਏਗੀ | ਅੱਜ ਏ.ਸੀ.ਪੀ. ਟਰੈਫਿਕ ਅਮਨਦੀਪ ਕੌਰ ਦੀ ਅਗਵਾਈ ਹੇਠ ਨਿਗਮ ਦੇ ਅਸਟੇਟ ਵਿਭਾਗ ਵਲੋਂ ਸਾਂਝੀ ਕਾਰਵਾਈ ਕਰਦੇ ਹੋਏ ਹਵਾਈ ਅੱਡਾ ਮਾਰਗ 'ਤੇ ਗੁਮਟਾਲਾ ਬਾਈਪਾਸ ਤੋਂ ਲੈ ਕੇ ਮੀਰਾਂ ਕੋਟ ਚੌਕ, ਹਾਲ ਗੇਟ, ਰਾਮ ਬਾਗ਼, ਕਟੜਾ ਜੈਮਲ ਸਿੰਘ, ਅਸ਼ੋਕਾ ਚੌਕ ਤੋਂ ਗਿਆਨੀ ਟੀ ਸਟਾਲ ਤੱਕ ਸੜਕ ਦੇ ਕਿਨਾਰੇ ਲੱਗੀਆਂ ਰੇਹੜੀਆਂ, ਫੜ੍ਹੀਆਂ ਨੂੰ ਹਟਾਇਆ ਅਤੇ ਦੁਕਾਨਦਾਰਾਂ ਦਾ ਸੜਕ ਦੀ ਜਗ੍ਹਾ 'ਤੇ ਪਿਆ ਸਾਮਾਨ ਜਬਤ ਕੀਤਾ | ਇਸ ਸਬੰਧ ਵਿਚ ਏਸੀਪੀ ਅਮਨਦੀਪ ਕੌਰ ਅਤੇ ਅਸਟੇਟ ਅਫ਼ਸਰ ਧਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਆਵਾਜਾਈ ਸਮੱਸਿਆ ਨੂੰ ਲੈ ਕੇ ਬੀਤੇ ਦਿਨ ਡਿਪਟੀ ਕਮਿਸ਼ਨਰ ਅੰਮਿ੍ਤਸਰ, ਪੁਲਿਸ ਕਮਿਸ਼ਨਰ ਅਤੇ ਨਿਗਮ ਕਮਿਸ਼ਨਰ ਦੀ ਸਾਂਝੀ ਬੈਠਕ 'ਚ ਅਵਾਜਾਈ ਜਾਮ 'ਤੇ ਚਰਚਾ ਹੋਈ ਅਤੇ ਪੁਲਿਸ ਪ੍ਰਸ਼ਾਸਨ ਅਤੇ ਨਗਰ ਨਿਗਮ ਵਲੋਂ ਸਾਂਝੇ ਤੌਰ 'ਤੇ ਇਸ ਸਮੱਸਿਆ ਦਾ ਹੱਲ ਕਰਨ ਲਈ ਸਾਂਝੀ ਟੀਮ ਬਣਾ ਕੇ ਸਮੱਸਿਆ ਦਾ ਮੁੱਖ ਨਾਜਾਇਜ਼ ਕਬਜ਼ਿਆਂ ਨੂੰ ਸੜਕਾਂ ਤੋਂ ਹਟਾਇਆ ਜਾਵੇਗਾ ਅਤੇ ਆਵਾਜਾਈ ਲਈ ਸੜਕਾਂ ਨੂੰ ਖੁੱਲਿਆਂ ਕੀਤਾ ਜਾਵੇਗਾ |
ਨਗਰ ਨਿਗਮ ਅਤੇ ਟਰੈਫਿਕ ਪੁਲਿਸ ਸਾਂਝੇ ਤੌਰ 'ਤੇ ਸ਼ਹਿਰ 'ਚੋਂ ਹਟਾਉਣਗੇ ਨਾਜਾਇਜ਼ ਕਬਜ਼ੇ <br/>
ਅਜੀਤ ਡੈਸਕ
19-12-2025