ਬਾਬਾ ਬਕਾਲਾ ਸਾਹਿਬ, 29 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ, ਜਸਟਿਸ ਅਨੂਪ ਚਿਟਕਾਰਾ ਆਪਣੇ ਪਰਿਵਾਰ ਸਮੇਤ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਨਤਮਸਤਕ ਹੋਏ, ਜਿੱਥੇ ਕਿ ਉਨ੍ਹਾਂ ਨੇ ਕੜਾਹਿ ਪ੍ਰਸ਼ਾਦਿ ਦੀ ਦੇਗ ਕਰਵਾਈ, ਤਪ ਅਸਥਾਨ ਸ੍ਰੀ ਭੌਰਾ ਸਾਹਿਬ, ਦਰਬਾਰ ਸਾਹਿਬ ਵਿਖੇ ਨਤਮਸਤਕ ਹੁੰਦਿਆਂ ਕੁਝ ਸਮਾਂ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ | ਇਸ ਮੌਕੇ ਉਨ੍ਹਾਂ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਮੱਲੇਵਾਲ ਪਾਸੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਬਾ ਬਕਾਲਾ ਸਾਹਿਬ ਵਿਖੇ ਤਪੱਸਿਆ ਕਰਨ, ਭਾਈ ਮੱਖਣ ਸ਼ਾਹ ਲੁਬਾਣਾ ਵਲੋਂ ਗੁਰੂ ਸਾਹਿਬ ਨੂੰ ਪ੍ਰਗਟ ਕਰਨ ਦੀਆਂ ਸਾਖੀਆਂ ਸਮੇਤ ਸਮੁੱਚੇ ਇਤਿਹਾਸ ਨੂੰ ਬੜੀ ਸ਼ਰਧਾ ਭਾਵਨਾ ਨਾਲ ਸਰਵਣ ਕੀਤਾ | ਇਸ ਦੌਰਾਨ ਜਸਟਿਸ ਸ੍ਰੀ ਅਨੂਪ ਚਿਟਕਾਰਾ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰੀ ਜੀ ਅਤੇ ਸਾਹਿਬਜਾਇਆਂ ਦੀ ਲਾਸਾਨੀ ਸ਼ਹਾਦਤਾਂ ਦੀ ਮਿਸਾਲ ਹੋਰ ਕਿੱਧਰੇ ਵੀ ਨਹੀਂ ਮਿਲਦੀ | ਇਸ ਮੌਕੇ ਜਸਟਿਸ ਸ੍ਰੀ ਅਨੂਪ ਚਿਟਕਾਰਾ ਨਾਲ ਸ੍ਰੀ ਪੁਨੀਸ਼ ਜਿੰਦਰਾ ਜ਼ਿਲ੍ਹਾ ਸ਼ੈਸ਼ਨ ਜੱਜ ਸਿਰਸਾ, ਸ੍ਰੀ ਜਸਪ੍ਰੀਤ ਸਿੰਘ ਐਸ.ਡੀ.ਜੇ.ਐਮ. ਬਾਬਾ ਬਕਾਲਾ ਸਾਹਿਬ, ਗੁਰਵਿੰਦਰ ਸਿੰਘ ਥਾਣਾ ਮੁਖੀ ਬਿਆਸ, ਤੇਜਿੰਦਰ ਸਿੰਘ ਏ.ਐਸ.ਆਈ. ਬਾਬਾ ਬਕਾਲਾ, ਹਰਦੀਪ ਸਿੰਘ ਅਤੇ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ |