ਪਟਿਆਲਾ, 1 ਜੂਨ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਤੇ ਦੇਸ਼ ਦੀ ਰਾਜਨੀਤੀ 'ਚ ਅਹਿਮ ਰੋਲ ਅਦਾ ਕਰਨ ਵਾਲੀ ਸ਼ਖ਼ਸੀਅਤ ਸ. ਸੁਖਦੇਵ ਸਿੰਘ ਢੀਂਡਸਾ ਦੇ ਸਸਕਾਰ ਉਪਰੰਤ ਅੱਜ ਉਨ੍ਹਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਉਨ੍ਹਾਂ ਦੇ ਪਿੰਡ ਉੱਭਾਵਾਲ ਤੋਂ ਚਲਿਆ ਕਾਫ਼ਲਾ ਪਟਿਆਲਾ ਤੋਂ ਹੁੰਦਾ ਹੋਇਆ ਕੀਰਤਪੁਰ ਸਾਹਿਬ ਲਈ ਰਵਾਨਾ ਹੋਇਆ | ਇਹ ਕਾਫ਼ਲਾ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਕੁਝ ਸਮੇਂ ਲਈ ਰੁਕਿਆ ਜਿੱਥੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਕੀਤੀ ਗਈ | ਸੁਖਦੇਵ ਸਿੰਘ ਢੀਂਡਸਾ ਦੀਆਂ ਅਸਥੀਆਂ ਨੂੰ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਵਲੋਂ ਪਰਿਵਾਰ ਸਮੇਤ ਇਨੋਵਾ ਗੱਡੀ ਵਿਚ ਲਿਆਂਦਾ ਗਿਆ ਸੀ | ਅੱਜ ਦੁਪਹਿਰ ਨੂੰ ਇਕ ਵੱਡਾ ਕਾਫ਼ਲਾ ਅਸਥੀਆਂ ਨੂੰ ਲੈ ਕੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੇ ਬਾਹਰ ਕੁਝ ਸਮੇਂ ਲਈ ਰੁਕਿਆ ਜਿੱਥੇ ਹੈੱਡ ਗ੍ਰੰਥੀ ਪ੍ਰਣਾਮ ਸਿੰਘ ਨੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ | ਇਸ ਉਪਰੰਤ ਇੱਥੇ ਵੱਡੀ ਗਿਣਤੀ ਵਿਚ ਸੀਨੀਅਰ ਆਗੂਆਂ ਅਤੇ ਵਰਕਰਾਂ ਦੇ ਵੱਡੇ ਇਕੱਠ ਨੇ ਸ. ਢੀਂਡਸਾ ਦੀਆਂ ਅਸਥੀਆਂ ਨੂੰ ਪ੍ਰਣਾਮ ਕਰਕੇ ਸਤਿਕਾਰ ਭੇਟ ਕੀਤਾ | ਇਸ ਮੌਕੇ ਗੱਲਬਾਤ ਕਰਦਿਆਂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਦਾ ਪੰਜਾਬ ਦੀ ਸਿਆਸਤ 'ਚ ਬੇਹੱਦ ਅਹਿਮ ਰੋਲ ਰਿਹਾ ਹੈ | ਉਨ੍ਹਾਂ ਨੇ ਬੜੀ ਹਲੀਮੀ ਅਤੇ ਸੰਜੀਦਗੀ ਨਾਲ ਪੰਜਾਬ ਦੀ ਸਿਆਸਤ ਨੂੰ ਪੰਜਾਬ ਦੇ ਭਲੇ ਲਈ ਮਾਰਗ ਦਰਸ਼ਨ ਕੀਤਾ | ਉਨ੍ਹਾਂ ਵਲੋਂ ਪੰਜਾਬ ਦੀ ਬਿਹਤਰੀ ਲਈ ਨਿਭਾਈ ਗਈ ਭੂਮਿਕਾ ਕਦੇ ਵੀ ਭੁਲਾਈ ਨਹੀਂ ਜਾ ਸਕਦੀ | ਇਸ ਮੌਕੇ ਤਜਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਦਾ ਚਲੇ ਜਾਣਾ ਪੰਜਾਬ ਦੀ ਰਾਜਨੀਤੀ 'ਚ ਅਜਿਹਾ ਖੱਪਾ ਹੈ ਜੋ ਕਦੇ ਵੀ ਭਰਿਆ ਨਹੀਂ ਜਾ ਸਕਦਾ | ਇਸ ਮੌਕੇ ਹਰਮੇਲ ਸਿੰਘ ਟੌਹੜਾ, ਸਤਵਿੰਦਰ ਸਿੰਘ ਟੌਹੜਾ, ਜਸਪ੍ਰੀਤ ਸਿੰਘ ਭਾਟੀਆ, ਜਰਨੈਲ ਸਿੰਘ ਕਰਤਾਰਪੁਰ, ਜਗਜੀਤ ਸਿੰਘ ਕੋਹਲੀ, ਸੁਰਜੀਤ ਸਿੰਘ ਰੱਖੜਾ, ਸ਼ੱਕੂ ਗਰੋਵਰ ਆਦਿ ਵੀ ਮੌਜੂਦ ਸਨ |