ਸਨੌਰ, 2 ਸਤੰਬਰ (ਸੋਖਲ)-ਸੂਬੇ ਵਿਚ ਆ ਰਹੇ ਹੜ੍ਹਾਂ ਦੇ ਖ਼ਤਰੇ ਨੂੰ ਮੱਦੇਨਜ਼ਰ ਰੱਖਦਿਆਂ ਹਲਕਾ ਸਨੌਰ ਦੇ ਪਿੰਡ ਰਾਠੀਆ ਵਿਚ ਲੋਕਾਂ ਦੀ ਚਿੰਤਾ ਵਧ ਗਈ ਹੈ | ਪਿੰਡ ਨਾਲ ਲੱਗਦੇ ਮੀਰਾਪੁਰ ਚੋਆ ਦੀ ਡਰੇਨ ਵਿੱਚ ਵਧ ਰਹੀ ਗੰਦਗੀ ਅਤੇ ਰੁਕਾਵਟਾਂ ਕਰਕੇ ਪਾਣੀ ਦੇ ਰੁਕਣ ਦਾ ਸੰਕਟ ਬਣਿਆ ਹੋਇਆ ਹੈ, ਜਿਸ ਕਾਰਨ ਹੜ੍ਹ ਵਰਗਾ ਹਾਲਾਤ ਪੈਦਾ ਹੋਣ ਦਾ ਡਰ ਸਥਾਨਕ ਲੋਕਾਂ ਨੂੰ ਸਤਾ ਰਿਹਾ ਹੈ | ਅੱਜ ਸੀ.ਡੀ.ਪੀ.ਓ. ਸਨੌਰ ਮਨਦੀਪ ਸਿੰਘ ਉਪਲ ਨੇ ਪਿੰਡ ਰਾਠੀਆ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ | ਇਸ ਦੌਰਾਨ ਸਰਪੰਚ ਅਮਰਿੰਦਰ ਸਿੰਘ ਰਾਠੀਆ ਨੇ ਅਧਿਕਾਰੀਆਂ ਦੇ ਸਾਹਮਣੇ ਸਪਸ਼ਟ ਕੀਤਾ ਕਿ ਜੇਕਰ ਮੀਰਾਪੁਰ ਚੋਆ ਦੀ ਡਰੇਨ ਦੀ ਤੁਰੰਤ ਸਫ਼ਾਈ ਨਾ ਕਰਵਾਈ ਗਈ ਤਾਂ ਕਿਸੇ ਵੀ ਸਮੇਂ ਕੋਈ ਮੰਦਭਾਗੀ ਘਟਨਾ ਵਾਪਰ ਸਕਦੀ ਹੈ | ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਪਿੰਡ ਵਾਸੀਆਂ ਵਿਚ ਬੇਚੈਨੀ ਦਾ ਮਾਹੌਲ ਬਣਿਆ ਹੋਇਆ ਹੈ | ਸਰਪੰਚ ਅਮਰਿੰਦਰ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਲੋਕਾਂ ਦੀ ਜਾਨ ਅਤੇ ਮਾਲ ਦੀ ਸੁਰੱਖਿਆ ਲਈ ਡਰੇਨ ਦੀ ਜਲਦ ਤੋਂ ਜਲਦ ਸਫਾਈ ਕਰਵਾਈ ਜਾਵੇ | ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕ ਪ੍ਰਸ਼ਾਸਨ ਨਾਲ ਪੂਰੀ ਤਰ੍ਹਾਂ ਸਹਿਯੋਗ ਕਰਨ ਲਈ ਤਿਆਰ ਹਨ, ਪਰ ਹੜ੍ਹਾਂ ਦੇ ਖ਼ਤਰੇ ਨੂੰ ਘਟਾਉਣ ਲਈ ਤੁਰੰਤ ਕਾਰਵਾਈ ਜ਼ਰੂਰੀ ਹੈ | ਇਸ ਦੌਰੇ ਦੌਰਾਨ ਸੁਪਰਡੈਂਟ ਜਸਪਾਲ ਸਿੰਘ, ਪੰਚਾਇਤ ਸੈਕਟਰੀ ਤੇਜਿੰਦਰ ਸਿੰਘ, ਮਨਰੇਗਾ ਸੈਕਟਰੀ ਜਸਦੇਵ ਸਿੰਘ, ਪੰਚਾਇਤ ਮੈਂਬਰ ਜਰਨੈਲ ਸਿੰਘ, ਇਸਲਾਮ ਮੁਹੰਮਦ, ਪੂਨਮ ਰਾਣੀ, ਗੁਰਪ੍ਰੀਤ ਕੌਰ, ਮਲਕੀਤ ਸਿੰਘ, ਪਰਮਜੀਤ ਕੌਰ, ਸਾਬਕਾ ਸਰਪੰਚ ਸੁਖਜੀਤ ਸਿੰਘ, ਹਰਿੰਦਰ ਸਿੰਘ, ਤਰਸੇਮ ਪੰਡਤ, ਹਰਦੀਪ ਸਿੰਘ, ਮਦਨ ਸ਼ਰਮਾ ਅਤੇ ਹੋਰ ਕਈ ਲੋਕ ਹਾਜ਼ਰ ਸਨ |