ਦੇਵੀਗੜ੍ਹ, 2 ਸਤੰਬਰ (ਰਾਜਿੰਦਰ ਸਿੰਘ ਮੌਜੀ)-ਦੇਵੀਗੜ੍ਹ ਨੇੜਲੇ ਪਿੰਡ ਬਡਲੀ ਵਿਖੇ ਘੱਗਰ ਦਰਿਆ ਦੇ ਵਧਦੇ ਪਾਣੀ ਅਤੇ ਹੜ੍ਹ ਦੇ ਖ਼ਤਰੇ ਨੂੰ ਵੇਖਦਿਆਂ ਸਥਾਨਕ ਲੋਕ ਆਪ ਮੁਹਾਰੇ ਦਰਿਆ ਦੇ ਬੰਨ੍ਹ ਨੂੰ ਮਿੱਟੀ ਦੇ ਥੈਲਿਆਂ ਨਾਲ ਮਜ਼ਬੂਤ ਕਰਨ ਵਿਚ ਜੁਟੇ ਹੋਏ ਹਨ | ਇਸ ਦੌਰਾਨ ਵਾਰਿਸ ਪੰਜਾਬ ਦੀ ਕਾਰਜਕਾਰੀ ਮੈਂਬਰ ਭੁਪਿੰਦਰ ਸਿੰਘ ਮਸ਼ਿੰਗਣ ਨੇ ਘੱਗਰ ਦਰਿਆ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਸਰਕਾਰ ਦੀ ਲਾਪਰਵਾਹੀ 'ਤੇ ਸਖ਼ਤ ਸਵਾਲ ਚੁੱਕੇ | ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਵਲੋਂ ਸਮੇਂ ਸਿਰ ਨਦੀਆਂ ਅਤੇ ਨਾਲਿਆਂ ਦੀ ਸਫ਼ਾਈ ਤੇ ਮੁਰੰਮਤ ਦਾ ਕੰਮ ਕੀਤਾ ਹੁੰਦਾ ਤਾਂ ਅੱਜ ਲੋਕਾਂ ਨੂੰ ਇਸ ਤਰ੍ਹਾਂ ਦੀ ਮੁਸੀਬਤ ਦਾ ਸਾਹਮਣਾ ਨਾ ਕਰਨਾ ਪੈਂਦਾ | ਭੁਪਿੰਦਰ ਸਿੰਘ ਮਸ਼ਿੰਗਣ ਨੇ ਦੱਸਿਆ ਕਿ ਟਾਂਗਰੀ ਨਦੀ ਦੀ ਖੁਦਾਈ ਅਤੇ ਸਫ਼ਾਈ ਲਈ ਸਰਕਾਰ ਵਲੋਂ 16 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਸੀ ਪਰ ਇਹ ਰਾਸ਼ੀ ਸਮੇਂ ਸਿਰ ਖ਼ਰਚ ਨਾ ਹੋਣ ਕਾਰਨ ਨਦੀ ਦੀ ਸਥਿਤੀ ਵਿਗੜਦੀ ਗਈ, ਜਿਸ ਦਾ ਨਤੀਜਾ ਅੱਜ ਸਥਾਨਕ ਲੋਕਾਂ ਨੂੰ ਹੜ੍ਹ ਦੇ ਖ਼ਤਰੇ ਦੇ ਰੂਪ ਵਿਚ ਵੇਖਣ ਨੂੰ ਮਿਲ ਰਿਹਾ ਹੈ | ਪਿੰਡ ਬਡਲੀ ਅਤੇ ਆਸਪਾਸ ਦੇ ਖੇਤਰਾਂ ਦੇ ਵਸਨੀਕ ਆਪਣੇ ਪੱਧਰ 'ਤੇ ਘੱਗਰ ਦਰਿਆ ਦੇ ਕਮਜ਼ੋਰ ਬੰਨ੍ਹ ਨੂੰ ਮਿੱਟੀ ਦੇ ਥੈਲਿਆਂ ਨਾਲ ਮਜ਼ਬੂਤ ਕਰ ਰਹੇ ਹਨ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਰਕਾਰੀ ਮਦਦ ਦੀ ਉਡੀਕ ਵਿਚ ਸਮਾਂ ਗੁਆਉਣ ਦੀ ਬਜਾਏ, ਉਹ ਖ਼ੁਦ ਹੀ ਆਪਣੇ ਪਿੰਡਾਂ ਅਤੇ ਖੇਤਾਂ ਨੂੰ ਹੜ੍ਹ ਦੇ ਖ਼ਤਰੇ ਤੋਂ ਬਚਾਉਣ ਲਈ ਕੰਮ ਕਰ ਰਹੇ ਹਨ | ਇਸ ਦੌਰਾਨ ਭੁਪਿੰਦਰ ਸਿੰਘ ਨੇ ਮੰਗ ਕੀਤੀ ਕਿ ਸਰਕਾਰੀ ਅਧਿਕਾਰੀਆਂ ਨੂੰ ਤੁਰੰਤ ਇਸ ਖੇਤਰ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲੈਣਾ ਚਾਹੀਦਾ ਅਤੇ ਲੋਕਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨੀ ਚਾਹੀਦੀ | ਇਸ ਮੌਕੇ ਸਾਬਕਾ ਸਰਪੰਚ ਪਰਮਜੀਤ ਸਿੰਘ ਮਹਿਮੂਦਪੁਰ, ਸੁਖਵਿੰਦਰ ਸਿੰਘ ਲਾਲੀ ਕਿਸਾਨ ਆਗੂ, ਲਖਵੀਰ ਸਿੰਘ ਦੁੜਦ, ਰਾਜਵਿੰਦਰ ਸਿੰਘ ਮਹਿਮੂਦਪੁਰ, ਅਵਤਾਰ ਸਿੰਘ, ਬਲਵੀਰ ਸਿੰਘ, ਅਵਤਾਰ ਸਿੰਘ ਅਤੇ ਹਰਚੰਦ ਸਿੰਘ ਆਦਿ ਹਾਜ਼ਰ ਸਨ |