ਬਨੂੜ, 2 ਸਤੰਬਰ (ਭੁਪਿੰਦਰ ਸਿੰਘ)-ਪਿੰਡ ਨੱਗਲ ਸਲੇਮਪੁਰ ਵਿਚ ਪਾਣੀ ਦੇ ਨਿਕਾਸੀ ਦੇ ਯੋਗ ਪ੍ਰਬੰਧ ਨਾ ਹੋਣ ਕਾਰਨ ਮਦਰਸਾ ਸਕੂਲ ਵਿਚ ਟੋਭੇ ਦਾ ਗੰਦਾ ਪਾਣੀ ਭਰ ਗਿਆ ਹੈ | ਮਦਰਸਾ ਵਿਚ ਭਰੇ ਹੋਏ ਗੰਦੇ ਪਾਣੀ ਨੂੰ ਦਿਖਾਉਂਦੇ ਹੋਏ ਮਸਜਿਦ ਅਤੇ ਮਦਰਸਾ ਦੇ ਮੁੱਖ ਪ੍ਰਬੰਧਕ ਅਲੀ ਮੁਹੰਮਦ ਨੇ ਦੱਸਿਆ ਕਿ ਬੀਤੇ ਦਿਨੀਂ ਇਲਾਕੇ ਵਿਚ ਹੋਈ ਭਾਰੀ ਬਰਸਾਤ ਕਾਰਨ ਅਤੇ ਪਿੰਡ ਦੇ ਪਾਣੀ ਦੀ ਨਿਕਾਸੀ ਦੇ ਯੋਗ ਪ੍ਰਬੰਧ ਨਾ ਹੋਣ ਕਾਰਨ ਟੋਭੇ ਦਾ ਗੰਦਾ ਪਾਣੀ ਸਕੂਲ ਵਿਚ ਭਰ ਗਿਆ ਹੈ | ਉਨ੍ਹਾਂ ਦੱਸਿਆ ਕਿ ਮਦਰਸਾ ਸਕੂਲ ਵਿਚ 35 ਦੇ ਕਰੀਬ ਬੱਚੇ ਪੜ੍ਹਦੇ ਹਨ ਅਤੇ ਇਹ ਗੰਦਾ ਪਾਣੀ ਬੱਚਿਆਂ ਦੇ ਪੀਣ ਲਈ ਲਗਾਏ ਗਏ ਸਬਮਰਸੀਬਲ ਪੰਪ ਵਿਚ ਵੀ ਭਰ ਗਿਆ ਹੈ | ਜਿਸ ਕਾਰਨ ਸਬਮਰਸੀਬਲ ਪੰਪ ਵਿਚੋਂ ਹੁਣ ਗੰਦਾ ਪਾਣੀ ਆ ਰਿਹਾ ਹੈ | ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਦੇ ਯੋਗ ਪ੍ਰਬੰਧ ਕਰਨ ਦੀ ਮੰਗ ਕੀਤੀ ਤਾਂ ਜੋ ਬੱਚਿਆਂ ਨੂੰ ਭਿਆਨਕ ਬਿਮਾਰੀ ਦੀ ਲਪੇਟ ਵਿਚ ਆਉਣ ਤੋਂ ਬਚਾਇਆ ਜਾ ਸਕੇ |