ਪਾਤੜਾਂ, 2 ਸਤੰਬਰ (ਜਗਦੀਸ਼ ਸਿੰਘ ਕੰਬੋਜ)-ਬਾਦਸ਼ਾਹਪੁਰ ਇਲਾਕੇ ਵਿਚੋਂ ਲਗਦੇ ਘੱਗਰ ਦਰਿਆ ਵਿਚ ਪਾਣੀ ਦੇ ਲਗਾਤਾਰ ਵਧ ਪਾਣੀ ਦੇ ਪੱਧਰ ਤੋਂ ਚਿੰਤਤ ਲੋਕ-ਦਿਨ ਰਾਤ ਘੱਗਰ ਦੇ ਬੰਨ੍ਹਾਂ 'ਤੇ ਜਿੱਥੇ ਪਹਿਰਾ ਦੇ ਰਹੇ ਉੱਥੇ ਹੀ ਪਿੰਡ ਬਾਦਸ਼ਾਹਪੁਰ ਅਤੇ ਪਾਤੜਾਂ ਦੇ ਘੱਗਰ ਦਰਿਆ ਦੇ ਪੁਲ 'ਤੇ ਕਿਸਾਨਾਂ ਵਲੋਂ ਘੱਗਰ ਦਰਿਆ ਦੇ ਵੱਧ ਰਹੇ ਪਾਣੀ ਨੂੰ ਲੈ ਕੇ ਇਸ 'ਤੇ ਨਿਗ੍ਹਾ ਰੱਖੀ ਜਾ ਰਹੀ ਹੈ | ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਆਏ ਡਾਕਟਰ ਅੰਬੇਦਕਰ ਕਿਰਤੀ ਮਜ਼ਦੂਰ ਸੰਘ ਪੰਜਾਬ ਦੇ ਪ੍ਰਧਾਨ ਡਾ. ਜਤਿੰਦਰ ਮੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਹੜ੍ਹਾਂ ਤੋਂ ਬਚਾਅ ਲਈ ਪ੍ਰਬੰਧ ਕਰਨ ਵਿਚ ਬੁਰੀ ਤਰ੍ਹਾਂ ਅਸਫਲ ਹੋਈ ਹੈ ਜਿਸ ਦਾ ਬਹੁਤ ਵੱਡਾ ਖ਼ਮਿਆਜ਼ਾ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ | ਡਾ. ਜਤਿੰਦਰ ਮੱਟੂ ਨੂੰ ਘੱਗਰ ਦਰਿਆ ਦੇ ਕੰਡੇ ਵਸਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ 'ਤੇ ਹੜ੍ਹਾਂ ਦਾ ਖ਼ਤਰਾ ਬੁਰੀ ਤਰ੍ਹਾਂ ਮੰਡਰਾ ਰਿਹਾ ਹੈ | ਸਾਲ 2023 ਵਿਚ ਆਏ ਹੜ੍ਹਾਂ ਨੇ ਉਨ੍ਹਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਸੀ ਪਰ ਉਦੋਂ ਜੁਲਾਈ ਮਹੀਨੇ ਵਿਚ ਹੜ੍ਹ ਆਉਣ ਕਾਰਨ ਮਾਰਿਆ ਗਿਆ ਝੋਨਾ ਕਿਸਾਨਾਂ ਨੇ ਦੋਬਾਰਾ ਲਾ ਲਿਆ ਸੀ ਪਰ ਹੁਣ ਪੱਕਣ 'ਤੇ ਆਇਆ ਝੋਨਾ ਜੇ ਮਰਦਾ ਹੈ ਤਾਂ ਉਨ੍ਹਾਂ ਦਾ ਹੋਰ ਵੀ ਜ਼ਿਆਦਾ ਨੁਕਸਾਨ ਹੋਵੇਗਾ | ਡਾ. ਜਤਿੰਦਰ ਮੱਟੂ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਨ ਮਗਰੋਂ ਕਿਹਾ ਕਿ ਡੈਮਾਂ ਵਿਚ ਭਰਦੇ ਪਾਣੀ ਨੂੰ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੈਣ ਵਾਲੀਆਂ ਬਾਰਸ਼ਾਂ ਨੂੰ ਦੇਖਦਿਆਂ ਇਨ੍ਹਾਂ ਨੂੰ ਡੈਮਾਂ ਵਿਚ ਪਾਣੀ ਦੀ ਮਾਤਰਾ ਨੂੰ ਘਟਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਪਰ ਸਰਕਾਰ ਦੀ ਇਸ ਲਾਪਰਵਾਹੀ ਦਾ ਖ਼ਮਿਆਜ਼ਾ ਲੋਕਾਂ ਨੂੰ ਭੁਗਤਣਾ ਪਿਆ ਹੈ ਅਤੇ ਇਸ ਨਾਲ ਕਈ ਕੀਮਤੀ ਇਨਸਾਨਾਂ ਅਤੇ ਜਾਨਵਰਾਂ ਦੀਆਂ ਜਾਨਾਂ ਜਿੱਥੇ ਚਲੀਆਂ ਗਈਆਂ ਹਨ ਉੱਥੇ ਹੀ ਲੱਖਾਂ ਏਕੜ ਪੰਜਾਬ ਦੇ ਕਿਸਾਨਾਂ ਦੀ ਫ਼ਸਲਾਂ ਹੜ੍ਹਾਂ ਨਾਲ ਮਾਰੀਆਂ ਗਈਆਂ ਹਨ |