ਪਟਿਆਲਾ, 19 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ, ਬਹਾਦਰਗੜ੍ਹ ਵਿਖੇ ਪੰਜਾਬ ਵਿਦਿਆਰਥੀ ਪ੍ਰੀਸ਼ਦ ਫ਼ਰੰਟ ਦੇ ਪ੍ਰਧਾਨ ਅਤੇ ਸੈਫੀ ਦੇ ਸੀਨੀਅਰ ਆਗੂ ਯਾਦਵਿੰਦਰ ਸਿੰਘ ਯਾਦੂ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿ੍ੰਗ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ ਨਾਲ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਸੌਂਪਿਆ | ਉਨ੍ਹਾਂ ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਇਸ ਵਾਰ ਬੰਦੀਛੋੜ ਦਿਵਸ ਸਮੇਂ ਬਰੂਦੀ ਆਤਿਸ਼ਬਾਜ਼ੀ ਨਾ ਕੀਤੀ ਜਾਵੇ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਗੁਰਮਤਿ ਵਿਚਾਰ ਨਾ ਕਰਨ ਕਰਕੇ ਸ੍ਰੀ ਦਰਬਾਰ ਸਾਹਿਬ ਵਿਖੇ ਬੰਦੀਛੋੜ ਦਿਵਸ ਅਤੇ ਗੁਰਪੁਰਬਾਂ ਸਮੇਂ ਪ੍ਰਦੂਸ਼ਿਤ ਆਤਿਸ਼ਬਾਜ਼ੀ ਕਰਨ ਨਾਲ ਮਨਮਤਿ ਦਾ ਅਸੁਰੀ ਵਰਤਾਰਾ ਗੁਰਬਾਣੀ ਕੀਰਤਨ ਦੇ ਸਹਿਜ ਅਨੰਦ ਨਾਲ ਸੰਗਤ ਦੀ ਲੱਗੀ ਲਿਵ ਤੋੜਦਾ ਹੈ | ਯਾਦੂ ਨੇ ਕਿਹਾ ਕਿ ਅਜੋਕੀ ਵਿਗਿਆਨਕ ਖੋਜ ਪ੍ਰਮਾਣਿਤ ਕਰਦੀ ਹੈ ਕਿ ਪਟਾਕਿਆਂ ਦੇ ਖੜਾਕ ਦੇ ਤੇਜ ਝਟਕੇ, ਇਕਰਸ ਗੁਰਬਾਣੀ ਸੰਗੀਤ ਦੀਆਂ ਅਸੀਮ ਸ਼ਕਤੀਦਾਇਕ ਤਰੰਗਾਂ ਸਮੋਅ ਕੇ ਅੰਮਿ੍ਤ ਬਣੇ ਜਲ 'ਤੇ ਵੀ ਗਲਤ ਅਸਰ ਕਰਦੇ ਹਨ | ਯਾਦੂ ਨੇ ਕਿਹਾ ਕਿ ਸਿੱਖ ਸੰਗਤ ਨਾਲ ਕੀਤੀਆਂ ਵਿਚਾਰਾਂ ਉਪਰੰਤ, ਸਿੱਖ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਮੰਗ ਪੱਤਰ ਦੇ ਬੇਨਤੀ ਕੀਤੀ ਹੈ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਅਸਹਿਜ, ਬੇਰਸ ਅਤੇ ਪ੍ਰਦੂਸ਼ਿਤ ਆਤਿਸ਼ਬਾਜ਼ੀ ਦੀ ਗਲਤ ਅਤੇ ਨੁਕਸਾਨਦਾਇਕ ਪਿਰਤ ਗੁਰਮਤਿ ਦੀ ਪਰੰਪਰਾ ਹਰਗਿਜ਼ ਨਹੀਂ ਹੈ, ਜੋ ਬੰਦ ਕੀਤੀ ਜਾਵੇ | ਇਸ ਵਾਰ ਸਿੱਖ ਸੰਗਤ ਨੂੰ ਵੀ ਦੀਪਮਾਲਾ ਦੇ ਨਾਲ ''ਵਾਹਿਗੁਰੂ ਸਿਮਰਨ ਕੀਰਤਨ ਕਰਨ'' ਅਤੇ ਗੁਰਮਤਿ ਦੀਆਂ ਲਖਾਇਕ ''ਸੁਨਹਿਰੀ ਦਸਤਾਰਾਂ'' ਸਜਾ ਕੇ ਪ੍ਰਦੂਸ਼ਣ ਮੁਕਤ ਬੰਦੀ ਛੋੜ ਦਿਵਸ (ਦੀਵਾਲੀ) ਮਨਾਉਣ ਦੀ ਪ੍ਰੇਰਨਾ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤੀ ਅਜਿਹੀ ਪਹਿਲ ਸਿੱਖ ਸੰਗਤ ਅਤੇ ਸਭ ਲੋਕਾਂ ਲਈ ਬਰੂਦੀ-ਹਾਦਸੇ ਅਤੇ ਪ੍ਰਦੂਸ਼ਣ-ਮੁਕਤ ਦੀਵਾਲੀ ਮਨਾਉਣ ਲਈ ਪ੍ਰੇਰਨਾ ਸਰੋਤ ਬਣ ਜਾਵੇਗੀ |