ਸਮਾਣਾ, 19 ਅਕਤੂਬਰ (ਹਰਵਿੰਦਰ ਸਿੰਘ ਟੋਨੀ)-ਸ਼ਾਮ ਸਮਾਜ ਸੇਵਾ ਆਸ਼ਰਮ ਵਲੋਂ ਪ੍ਰਧਾਨ ਮਦਨ ਲਾਲ ਪ੍ਰਦੇਸ਼ੀ ਦੀ ਪ੍ਰਧਾਨਗੀ 'ਚ ਦੀਵਾਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਮੁੱਖ ਮਹਿਮਾਨ ਵਜੋਂ ਸੀਤਾ ਰਾਮ ਗੁਪਤਾ, ਰਮਨ ਗੁਪਤਾ ਤੇ ਡੋਲੀ ਗੁਪਤਾ ਨੇ ਸ਼ਿਰਕਤ ਕੀਤੀ | ਜਿਨ੍ਹਾਂ ਸ਼ਾਮ ਸਮਾਜ ਸੇਵਾ ਆਸ਼ਰਮ ਤੋਂ ਹਰ ਮਹੀਨੇ ਰਾਸ਼ਨ ਪ੍ਰਾਪਤ ਕਰਨ ਵਾਲੇ 200 ਪਰਿਵਾਰਾਂ ਨੂੰ ਦੀਵਾਲੀ ਦੀ ਆਮਦ ਮੌਕੇ ਸ਼ੁਭਕਾਮਨਾਵਾਂ ਦਿੰਦੇ ਹੋਏ ਮਿਠਾਈ ਤਕਸੀਮ ਕੀਤੀ | ਇਸ ਮੌਕੇ ਸੀਤਾ ਰਾਮ ਗੁਪਤਾ ਨੇ ਮਦਨ ਲਾਲ ਪ੍ਰਦੇਸ਼ੀ ਵਲੋਂ ਪਿਛਲੇ 46 ਸਾਲਾਂ ਤੋਂ ਜ਼ਰੂਰਤਮੰਦ ਪਰਿਵਾਰਾਂ ਨੂੰ ਦਿੱਤੇ ਜਾਣ ਵਾਲੇ ਮੁਫ਼ਤ ਰਾਸ਼ਨ ਦੇ ਕਾਰਜ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਅਜਿਹਾ ਕਾਰਜ ਕੋਈ ਕਰਮਯੋਗੀ ਹੀ ਨਿਭਾ ਸਕਦਾ ਹੈ | ਇਸ ਮੌਕੇ ਮਦਨ ਲਾਲ ਪ੍ਰਦੇਸ਼ੀ ਨੇ ਦੱਸਿਆ ਕਿ ਸੀਤਾ ਰਾਮ ਗੁਪਤਾ ਵਲੋਂ ਪਿਛਲੇ ਕਈ ਸਾਲਾਂ ਤੋਂ ਦੀਵਾਲੀ ਮੌਕੇ ਉਕਤ ਪਰਿਵਾਰਾਂ ਨੂੰ ਮਿਠਾਈ ਵੰਡੀ ਜਾਂਦੀ ਹੈ ਅਤੇ ਹਰ ਮਹੀਨੇ ਵੰਡੇ ਜਾਂਦੇ ਰਾਸ਼ਨ ਵਿਚ ਵੀ ਯੋਗਦਾਨ ਪਾਇਆ ਜਾਂਦਾ ਹੈ |