ਪਟਿਆਲਾ, 31 ਅਕਤੂਬਰ (ਅ.ਸ. ਆਹਲੂਵਾਲੀਆ)-ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ, ਹਿੰਦ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਅਤੇ ਭਾਈ ਸਤੀ ਦਾਸ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪੰਜ-ਦਿਨਾ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਗੁਰਮਤ ਅਕਾਦਮੀ ਬਾਰਨ, ਸਰਹਿੰਦ ਰੋਡ, ਪਟਿਆਲਾ ਵਿਖੇ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਆਰੰਭ ਹੋ ਗਏ ਹਨ | ਇਹ ਸਮਾਗਮ 3 ਨਵੰਬਰ ਤੱਕ ਕਰਵਾਏ ਜਾ ਰਹੇ ਹਨ ਅਤੇ ਇਹ ਮਹਾਨ ਸਮਾਗਮ ਬਾਬਾ ਮਨਮੋਹਨ ਸਿੰਘ ਵਾਰਨ ਵਾਲਿਆਂ ਚੇਅਰਮੈਨ, ਆਲ ਇੰਡੀਆ ਨਸ਼ਾ ਵਿਰੋਧੀ ਪ੍ਰਚਾਰਕ ਮੰਚ ਅਤੇ ਮੁਖੀ ਧਰਮ ਪ੍ਰਚਾਰ ਬੁੱਢਾ ਦਲ ਦੀ ਸੁਯੋਗ ਅਗਵਾਈ ਹੇਠ ਕਰਵਾਏ ਜਾ ਰਹੇ ਹਨ | ਸਮਾਗਮਾਂ ਦੌਰਾਨ ਰੋਜ਼ਾਨਾ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਪੰਥ ਪ੍ਰਸਿੱਧ ਸੰਤ-ਮਹਾਂਪੁਰਸ਼, ਰਾਗੀ, ਢਾਡੀ ਅਤੇ ਕਥਾਵਾਚਕ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਸਿੱਖ ਇਤਿਹਾਸ ਰਾਹੀਂ ਨਿਹਾਲ ਕਰਨਗੇ | ਪ੍ਰਬੰਧਕਾਂ ਅਨੁਸਾਰ, ਇਨ੍ਹਾਂ ਸਮਾਗਮਾਂ ਵਿਚ ਵਿਸ਼ੇਸ਼ ਤੌਰ 'ਤੇ ਬਾਬਾ ਕਸ਼ਮੀਰਾ ਸਿੰਘ ਅਲਹੋਰਾਂ ਵਾਲੇ, ਬਾਬਾ ਗੁਲਾਬ ਸਿੰਘ ਜੀ ਚਮਕੌਰ ਸਾਹਿਬ ਵਾਲੇ ਅਤੇ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਪਹੁੰਚ ਕੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਉਣਗੇ | ਇਸ ਸੰਬੰਧੀ ਸਨੌਰ ਵਿਖੇ ਜਾਣਕਾਰੀ ਦਿੰਦਿਆਂ ਰਣਜੀਤ ਸਿੰਘ ਰਾਣਾ ਮਨੀਲਾ ਨੇ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਇਨ੍ਹਾਂ ਸਮਾਗਮਾਂ ਵਿਚ ਆਪਣੇ ਪਰਿਵਾਰਾਂ ਸਮੇਤ ਵੱਧ ਚੜ੍ਹ ਕੇ ਹਾਜ਼ਰੀਆਂ ਭਰਨ ਅਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਆਪਣਾ ਜੀਵਨ ਸਫਲਾ ਕਰਨ | ਇਸ ਮੌਕੇ ਜਾਣਕਾਰੀ ਦੇਣ ਸਮੇਂ ਸਰਦਾਰ ਗੁਰਚਰਨ ਸਿੰਘ ਲਲੀਣਾ, ਹਰਵਿੰਦਰ ਸਿੰਘ ਸੋਨੀ, ਸਰਬਜੀਤ ਸਿੰਘ ਮਨੀਲਾ, ਮਾਤਾ ਜਸਬੀਰ ਕੌਰ ਮਨੀਲਾ, ਮਨਜਿੰਦਰ ਜੇਮਸ ਕੁਮਾਰ ਜੋਨੀ ਮਨੀਲਾ ਆਦਿ ਵੀ ਮੌਜੂਦ ਸਨ |