ਬਨੂੜ, 1 ਨਵੰਬਰ (ਭੁਪਿੰਦਰ ਸਿੰਘ)-ਬਨੂੜ ਦੇ ਵਾਰਡ ਨੰਬਰ-1 ਦੇ ਕਈ ਪਰਿਵਾਰ 'ਆਪ' ਤੇ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਸੇਵਾ ਮੁਕਤ ਮੈਨੇਜਰ ਦਰਸ਼ਨ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ | ਜਿਨ੍ਹਾਂ ਨੂੰ ਸਾਬਕਾ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਪਾਰਟੀ ਨਿਸ਼ਾਨ ਦੇ ਸਿਰੋਪੇ ਪਾ ਕੇ ਪਾਰਟੀ ਵਿਚ ਸ਼ਾਮਿਲ ਕਰਵਾਇਆ | ਸਾਬਕਾ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵਿਚ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ | ਸ੍ਰੀ ਕੰਬੋਜ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਬਨੂੜ ਸ਼ਹਿਰ ਦਾ ਅਥਾਹ ਵਿਕਾਸ ਹੋਇਆ ਸੀ, ਪਰ ਜਦੋਂ ਦੀ 'ਆਪ' ਸਰਕਾਰ ਸਤਾ ਵਿਚ ਆਈ ਹੈ | ਬਨੂੜ ਦੇ ਵਿਕਾਸ ਨੂੰ ਗ੍ਰਹਿਣ ਲੱਗ ਗਿਆ ਹੈ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸੱਤਾ ਵਿਚ ਆਉਣ ਤੋਂ ਪਹਿਲਾ ਦੂਜੀਆਂ ਪਾਰਟੀਆਂ ਵਿਚੋਂ ਆਏ ਵਰਕਰਾਂ ਨੂੰ ਆਪਣੀ ਪਾਰਟੀ ਵਿਚ ਸ਼ਾਮਿਲ ਨਾ ਕਰਾਉਣ ਦੀਆਂ ਦੁਹਾਈਆਂ ਦਿੰਦੀ ਸੀ, ਪਰ ਅੱਜ ਇਨ੍ਹਾਂ ਨੂੰ ਦੂਜੀਆਂ ਪਾਰਟੀਆਂ ਤੋਂ ਬਿਨਾਂ ਕੋਈ ਵਰਕਰ ਨਹੀਂ ਮਿਲ ਰਿਹਾ | ਕਿਉਂਕਿ ਇਨ੍ਹਾਂ ਦੇ ਆਪਣੇ ਵਰਕਰ ਪਾਰਟੀ ਨੂੰ ਛੱਡ ਕੇ ਭੱਜ ਰਹੇ ਹਨ ਤੇ ਦੂਜੀਆਂ ਪਾਰਟੀਆਂ ਦੇ ਵਰਕਰਾਂ ਨੂੰ ਡਰਾ ਧਮਕਾ ਕੇ ਆਪਣੀ ਪਾਰਟੀ ਵਿਚ ਸ਼ਾਮਿਲ ਕਰਵਾ ਰਹੇ ਹਨ | ਉਨ੍ਹਾਂ ਕਿਹਾ ਕਿ ਇਹ ਖੇਡ ਵੀ ਜ਼ਿਆਦਾ ਦਿਨ ਨਹੀ ਚੱਲਣੀ ਕਿਉਂਕਿ ਜਲਦ ਹੀ ਦੂਜੀਆਂ ਪਾਰਟੀਆਂ ਵਿਚੋਂ ਗਏ ਵਰਕਰ ਘਰ ਵਾਪਸੀ ਕਰਨਗੇ | ਇਸ ਮੌਕੇ ਕੌਂਸਲ ਬਨੂੜ ਦੇ ਪ੍ਰਧਾਨ ਜਗਤਾਰ ਸਿੰਘ, ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਭੋਲਾ, ਯੂਥ ਪ੍ਰਧਾਨ ਬਨੂੜ ਹਰਪ੍ਰੀਤ ਸਿੰਘ ਸੋਨਿਕ, ਕੌਂਸਲਰ ਅਵਤਾਰ ਸਿੰਘ ਬਬਲਾ, ਲਛਮਣ ਸਿੰਘ ਚੰਗੇਰਾ, ਜਸਵੰਤ ਸਿੰਘ ਖੱਟੜਾ, ਸੁਰਿੰਦਰ ਸਿੰਘ ਸੋਨੀ ਸੰਧੂ, ਭਾਗ ਸਿੰਘ ਡਾਂਗੀ, ਬਲਕਾਰ ਸਿੰਘ, ਕੈਪਟਨ ਬੰਤ ਸਿੰਘ, ਹਿੰਮਤ ਸਿੰਘ, ਦੀਦਾਰ ਸਿੰਘ, ਜੀਤ ਸਿੰਘ ਸੇਵਾ ਮੁਕਤ ਐੱਸ.ਡੀ.ਓ. ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਮੌਜੂਦ ਸਨ |