ਪਟਿਆਲਾ, 4 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)-ਸਾਬਕਾ ਵਿਧਾਇਕ ਹਰਿੰਦਰ ਪਾਲ ਸਿੰਘ ਚੰਦੂਮਾਜਰਾ ਨੇ ਪੰਜਾਬ ਯੂਨੀਵਰਸਿਟੀ ਸੰਬੰਧੀ ਕੇਂਦਰ ਸਰਕਾਰ ਵਲੋਂ ਲਏ ਨਵੇਂ ਫ਼ੈਸਲੇ ਦੀ ਤਿੱਖੀ ਨਿੰਦਾ ਕਰਦਿਆਂ ਕਿਹਾ ਹੈ ਕਿ ਇਹ ਕਦਮ ਭਾਜਪਾ ਸਰਕਾਰ ਵਲੋਂ ਪੰਜਾਬ ਦੇ ਹਿਤਾਂ ਨਾਲ ਖੇਡਣ ਦਾ ਹੋਰ ਇਕ ਉਦਾਹਰਨ ਹੈ | ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਸਿਰਫ ਸਿੱਖਿਆ ਸੰਸਥਾ ਨਹੀਂ, ਸਗੋਂ ਪੰਜਾਬ ਦੀ ਪਹਿਚਾਣ, ਸਭਿਆਚਾਰ ਤੇ ਮਾਣ ਦਾ ਪ੍ਰਤੀਕ ਹੈ, ਜਿਸ ਨੂੰ ਕੇਂਦਰ ਵਲੋਂ ਹੌਲੀ-ਹੌਲੀ ਖੋਖਲਾ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਵਲੋਂ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਦਾ ਦਰਜਾ ਦੇਣ ਜਾਂ ਇਸ ਦੀ ਸੰਵਿਧਾਨਕ ਹੈਸਿਤ ਵਿਚ ਤਬਦੀਲੀ ਕਰਨ ਦੀ ਕੋਸ਼ਿਸ਼ ਸਿੱਧਾ-ਸਿੱਧਾ ਪੰਜਾਬ ਦੇ ਹੱਕਾਂ ਵਿਚ ਦਖ਼ਲ ਹੈ | ਇਹ ਕੇਵਲ ਪ੍ਰਸ਼ਾਸਕੀ ਫ਼ੈਸਲਾ ਨਹੀਂ, ਸਗੋਂ ਪੰਜਾਬ ਵਿਰੁੱਧ ਚੱਲ ਰਹੇ ਵਿਤਕਰੇ ਦੀ ਇਕ ਹੋਰ ਕੜੀ ਹੈ, ਉਨ੍ਹਾਂ ਕਿਹਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਹਰ ਮੋਰਚੇ 'ਤੇ ਪੰਜਾਬ ਨਾਲ ਵਿਤਕਰਾ ਕੀਤਾ ਹੈ ਚਾਹੇ ਗੱਲ ਖੇਤੀ ਕਾਨੂੰਨਾਂ ਦੀ ਹੋਵੇ, ਪਾਣੀ ਦੇ ਮਸਲੇ ਦੀ ਜਾਂ ਹੁਣ ਸਿੱਖਿਆ ਸੰਸਥਾਵਾਂ 'ਤੇ ਕਬਜ਼ੇ ਦੀ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਕੇਂਦਰ ਨੇ ਇਸ ਤਰ੍ਹਾਂ ਦੇ ਫ਼ੈਸਲੇ ਵਾਪਸ ਨਾ ਲਏ ਤਾਂ ਪੰਜਾਬ ਦੇ ਲੋਕ ਇਕੱਠੇ ਹੋ ਕੇ ਵੱਡੀ ਆਵਾਜ਼ ਉਠਾਉਣਗੇ | ਉਨ੍ਹਾਂ ਅੰਤ 'ਚ ਕਿਹਾ ਕਿ ਕੇਂਦਰ ਅਤੇ ਭਾਜਪਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੀਆਂ ਭਾਵਨਾਵਾਂ ਦਾ ਸਤਿਕਾਰ ਕਰੇ ਤੇ ਪੰਜਾਬ ਯੂਨੀਵਰਸਿਟੀ ਦੇ ਢਾਂਚੇ ਨਾਲ ਕੋਈ ਛੇੜਛਾੜ ਨਾ ਕਰੇ |