ਪਟਿਆਲਾ ਜ਼ਿਲੇ ਦੇ ਵੱਖ-ਵੱਖ ਸਕੂਲਾਂ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ
ਅਜੀਤ ਡੈਸਕ
05-11-2025
ਸਕਾਲਰ ਫੀਲਡਜ਼ ਸਕੂਲ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ
ਪਟਿਆਲਾ, (ਧਰਮਿੰਦਰ ਸਿੰਘ ਸਿੱਧੂ)-ਸਕਾਲਰ ਫੀਲਡਜ਼ ਪਬਲਿਕ ਸਕੂਲ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸਕੂਲ ਦਾ ਵਿਹੜਾ ਗੁਰਬਾਣੀ ਦੀ ਮਿੱਠੀ ਧੁਨ ਤੇ ਆਤਮਿਕ ਸ਼ਾਂਤੀ ਨਾਲ ਗੂੰਜ ਉੱਠਿਆ | ਸਵੇਰੇ ਦੀ ਅਸੈਂਬਲੀ ਵਿਚ ਮੂਲ ਮੰਤਰ ਉਚਾਰਣ, ਸਬਦ ਗਾਇਨ, ਕਵੀਸ਼ਰੀ, ਗੁਰਪੁਰਬ ਪ੍ਰਸ਼ਨੋਤਰੀ ਤੇ ਪ੍ਰੇਰਣਾਦਾਇਕ ਭਾਸ਼ਣ ਸ਼ਾਮਲ ਸਨ | ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਸੇਵਾ, ਸਚਾਈ ਅਤੇ ਸਹਿਜਤਾ ਦੇ ਫ਼ਲਸਫ਼ੇ ਵਸਾਉਣ ਦਾ ਪ੍ਰਣ ਲਿਆ | ਸਭਿਆਚਾਰਕ ਰੰਗਾਂ ਨਾਲ ਭਰਪੂਰ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਬੜੇ ਜੋਸ਼ ਨਾਲ ਭਾਗ ਲਿਆ | ਕੁੜੀਆਂ ਨੇ ''ਗਰੇਸ ਆਫ਼ ਦੁਮਾਲਾ 'ਤੇ ਮੁੰਡਿਆਂ ਨੇ 'ਪ੍ਰਾਈਡ ਆਫ਼ ਟਰਬਨ' ਰਾਹੀਂ ਆਪਣੀ ਸਿੱਖੀ ਦੀ ਸ਼ਾਨ ਤੇ ਮਾਣ ਨੂੰ ਦਰਸਾਇਆ | ਅੰਤ ਵਿੱਚ ਹੋਈ ਇੰਟਰ ਹਾਊਸ ਸਬਦ ਗਾਇਨ ਪ੍ਰਤੀਯੋਗਤਾ ਵਿੱਚ ਵਿਦਿਆਰਥੀਆਂ ਨੇ ਆਪਣੀ ਮਿੱਠੀ ਆਵਾਜ਼ ਰਾਹੀਂ ''ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਛਕਣਾ'' ਦਾ ਸੁਨੇਹਾ ਦਿੱਤਾ | ਪਿ੍ੰਸੀਪਲ ਮਿਸ ਚੰਦਨਦੀਪ ਕੌਰ ਨੇ ਸਾਰੇ ਪ੍ਰਤੀਯੋਗੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਰੋਹ ਵਿਦਿਆਰਥੀਆਂ ਵਿਚ ਗੁਰਮਤਿ ਸਿਧਾਂਤਾਂ ਤੇ ਪੰਜਾਬੀ ਸਭਿਆਚਾਰ ਪ੍ਰਤੀ ਸਨਮਾਨ ਦਾ ਭਾਵ ਜਗਾਉਂਦੇ ਹਨ | ਅੰਤ ਵਿੱਚ ਪੂਰਾ ਸਕੂਲ ਗੁਰੂ ਨਾਨਕ ਦੇਵ ਜੀ ਦੇ ਉਪਦੇਸਾ ਦੀ ਰੌਸ਼ਨੀ ਨਾਲ ਚਮਕ ਰਿਹਾ ਸੀ ਅਤੇ ਲਗਦਾ ਸੀ ਕਿ ਪਿਆਰ, ਸਚਾਈ ਅਤੇ ਸੇਵਾ ਦਾ ਸੁਨੇਹਾ ਹਰ ਦਿਲ ਵਿੱਚ ਵੱਸ ਗਿਆ ਹੈ |
ਡੀ. ਏ. ਵੀ. ਪਬਲਿਕ ਸਕੂਲ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਪਟਿਆਲਾ, (ਧਰਮਿੰਦਰ ਸਿੰਘ ਸਿੱਧੂ)-ਡੀ. ਏ. ਵੀ. ਪਬਲਿਕ ਸਕੂਲ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸਮਾਰੋਹ ਦੀ ਸ਼ੁਰੂਆਤ ਪਵਿੱਤਰ ਸ਼ਬਦ ਨਾਲ ਹੋਈ, ਜਿਸ ਨਾਲ ਪੂਰਾ ਸਕੂਲ ਰੂਹਾਨੀ ਮਾਹੌਲ ਨਾਲ ਗੂੰਜ ਉੱਠਿਆ | ਪ੍ਰਾਇਮਰੀ ਕਲਾਸਾਂ ਦੇ ਵਿਦਿਆਰਥੀਆਂ ਵਲੋਂ ਕੀਤੀ ਗਈ ਪ੍ਰਭਾਤ ਫੇਰੀ ਨੇ ਆਲੇ ਦੁਆਲੇ ਧਾਰਮਿਕ ਉਤਸ਼ਾਹ ਦਾ ਮਾਹੌਲ ਪੈਦਾ ਕੀਤਾ | ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਮਿਲ ਕੇ ਜਪੁਜੀ ਸਾਹਿਬ ਦਾ ਪਾਠ ਕੀਤਾ | 'ਜੋ ਮਾਂਗੇ ਠਾਕੁਰ ਆਪਣੇ ਤੇ' ਸ਼ਬਦ ਦੀ ਗੂੰਜ ਨਾਲ ਸਾਰਾ ਸਮਾਰੋਹ ਰੱਬੀ ਭਾਵਨਾਵਾਂ ਨਾਲ ਭਰ ਗਿਆ ਤੇ ਸਾਰਿਆਂ ਨੇ ਵਾਹਿਗੁਰੂ ਜੀ ਦੀ ਯਾਦ ਵਿਚ ਅਰਦਾਸ ਕੀਤੀ | ਮੈਡਮ ਗੁਰਪ੍ਰੀਤ ਕੌਰ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਪਦੇਸ਼ਾਂ ਉੱਤੇ ਰੌਸ਼ਨੀ ਪਾਈ, ਜਿਸ ਨਾਲ ਸਭ ਨੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਹੋਰ ਡੂੰਘਾਈ ਨਾਲ ਸਮਝਿਆ | ਰੱਬਦੀਪ ਕੌਰ ਤੇ ਫਰਲੀਨ ਕੌਰ ਨੇ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਸੁੰਦਰ ਕਵੀਸ਼ਰੀ ਗਾਇਨ ਪੇਸ਼ ਕੀਤਾ, ਜਿਸ ਨੇ ਸਭ ਦਾ ਮਨ ਮੋਹ ਲਿਆ | ਸਮਾਗਮ ਦਾ ਸਮਾਪਨ ਅਰਦਾਸ ਨਾਲ ਕੀਤਾ ਗਿਆ, ਜਿਸ ਵਿਚ ਚੰਗੀ ਸਿਹਤ, ਖ਼ੁਸ਼ਹਾਲੀ ਅਤੇ ਸਰਬੱਤ ਦੇ ਭਲੇ ਦੀ ਪ੍ਰਾਰਥਨਾ ਕੀਤੀ ਗਈ | ਗੁਰੂ ਨਾਨਕ ਦੇਵ ਜੀ ਦੀ ਸੇਵਾ ਅਤੇ ਲੰਗਰ ਪ੍ਰਥਾ ਦੇ ਅਸੂਲਾਂ 'ਤੇ ਚੱਲਦਿਆਂ, ਵਿਦਿਆਰਥੀਆਂ ਨੇ ਸਾਈਾ ਬਿਰਧ ਆਸ਼ਰਮ ਵਿਚ ਲੰਗਰ ਲਈ ਰਾਸ਼ਨ ਦਾਨ ਕੀਤਾ | ਸਕੂਲ ਦੇ ਪਿੰ੍ਰਸੀਪਲ ਵਿਵੇਕ ਤਿਵਾਰੀ ਨੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਅਪਣਾਉਣ ਅਤੇ ਹਮੇਸ਼ਾ ਮਨੁੱਖਤਾ ਦੀ ਭਲਾਈ ਲਈ ਕੰਮ ਕਰਨ ਦੀ ਪੇ੍ਰਰਨਾ ਦਿੱਤੀ, ਤਾਂ ਜੋ ਸਰਬੱਤ ਦਾ ਭਲਾ ਦਾ ਅਸਲ ਸਿਧਾਂਤ ਜੀਵੰਤ ਰਹੇ |
ਸੇਂਟ ਕਬੀਰ ਕਾਲਜ ਵਿਖੇ ਪ੍ਰਕਾਸ਼ ਪੁਰਬ ਮਨਾਇਆ
ਪਟਿਆਲਾ, (ਕੁਲਵੀਰ ਸਿੰਘ ਧਾਲੀਵਾਲ)-ਸੇਂਟ ਕਬੀਰ ਕਾਲਜ ਆਫ਼ ਐਜੂਕੇਸ਼ਨ ਕੌਲੀ ਵਿਖੇ ਕਾਲਜ ਪਿ੍ੰਸੀਪਲ ਡਾ. ਮਨਪ੍ਰੀਤ ਕੌਰ ਦੀ ਸਰਪ੍ਰਸਤੀ ਹੇਠ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ, ਜਿਸ ਵਿਚ ਕਾਲਜ ਦੇ ਵਿਦਿਆਰਥੀਆਂ ਵਲੋਂ ਵਿਸ਼ੇਸ਼ ਸਵੇਰ ਦੀ ਸਭਾ ਵਿਚ ਕਵਿਤਾ, ਸ਼ਬਦ-ਗਾਇਨ, ਵਿਚਾਰਾਂ ਦੁਆਰਾ ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਦਰਸਾਇਆ ਗਿਆ | ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਹਰਪ੍ਰੀਤ ਕੌਰ ਵਲੋਂ ਬੱਚਿਆ ਨੂੰ ਗੁਰੂ ਨਾਨਕ ਸਾਹਿਬ ਦੇ ਜੀਵਨ, ਚਾਰ ਉਦਾਸੀਆਂ ਦੇ ਨਾਲ-ਨਾਲ ਉਨ੍ਹਾਂ ਦੀਆਂ ਸਾਖੀਆਂ ਸੁਣਾਈਆ ਅਤੇ ਸਿੱਖਿਆਵਾਂ ਉੱਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ | ਕਾਲਜ ਅਸਿਸਟੈਂਟ ਪ੍ਰੋਫੈਸਰ ਕਿਰਨਦੀਪ ਕੌਰ ਵਲੋਂ ਇਸ ਮੌਕੇ ਸ਼ਬਦ ਗਾਇਨ ਕੀਤਾ ਗਿਆ, ਜਿਸ ਵਿਚ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਦਾ ਉਚਾਰਨ ਕੀਤਾ | ਕਾਲਜ ਵਾਇਸ ਚੇਅਰਮੈਨ ਬਲਜਿੰਦਰ ਸਿੰਘ ਮਾਨਸ਼ਾਹੀਆ, ਕਾਲਜ ਐੱਮ.ਡੀ. ਲਾਲ ਸਿੰਘ ਟਿਵਾਣਾ, ਕਾਲਜ ਪਿ੍ੰਸੀਪਲ ਵਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਵਿਦਿਆਰਥੀਆਂ ਤੇ ਸਮੂਹ ਸਟਾਫ ਮੈਂਬਰ ਨੂੰ ਇਸ ਦਿਨ ਦੀ ਵਧਾਈ ਦਿੱਤੀ ਗਈ | ਅੰਤ ਵਿਚ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਇਸ ਮੌਕੇ ਤੇ ਸਮੂਹ ਸਟਾਫ ਮੈਂਬਰ ਸ਼ਾਮਿਲ ਸਨ |
ਮਾਤਾ ਗੁਜਰੀ ਸਕੂਲ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਦੇਵੀਗੜ੍ਹ, (ਰਾਜਿੰਦਰ ਸਿੰਘ ਮੌਜੀ)-ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ, ਗੁਥਮੜਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸੰਬੰਧ 'ਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ ਜਿਨ੍ਹਾਂ ਦੇ ਭੋਗ ਉਪਰੰਤ ਸਕੂਲ ਦੇ ਵਿਦਿਆਰਥੀਆਂ ਵਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ ਅਤੇ ਵਿਦਿਆਰਥਣਾਂ ਵਲੋਂ ਕਵੀਸ਼ਰੀ ਵੀ ਪੇਸ਼ ਕੀਤੀ ਗਈ | ਬਾਅਦ ਵਿਚ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਇਸ ਮੌਕੇ 'ਤੇ ਸਕੂਲ ਦੇ ਨਿਰਦੇਸ਼ਕ ਭੁਪਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਾਨੂੰ 'ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕ' ਦੇ ਮਹਾਨ ਸੰਦੇਸ਼ ਨੂੰ ਯਾਦ ਕਰਵਾਉਂਦਾ ਹੈ | ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ 'ਤੇ ਚੱਲਦਿਆਂ ਆਪਣਾ ਜੀਵਨ ਸੇਵਾ ਅਤੇ ਸਿਮਰਨ ਨੂੰ ਸਮਰਪਿਤ ਕਰਨਾ ਚਾਹੀਦਾ ਹੈ | ਉਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਖ਼ਾਸ ਤੌਰ 'ਤੇ ਗੁਰੂ ਸਾਹਿਬ ਦੇ ਦੱਸੇ ਮਾਰਗ 'ਤੇ ਚੱਲ ਕੇ ਇਕ ਚੰਗੇ ਅਤੇ ਨੇਕ ਇਨਸਾਨ ਬਣਨ ਦੀ ਪ੍ਰੇਰਨਾ ਲੈਣੀ ਚਾਹੀਦੀ ਹੈ | ਇਸ ਮੌਕੇ ਪ੍ਰਧਾਨ ਰਵਿੰਦਰ ਕੌਰ, ਪਿ੍ੰਸੀਪਲ ਮਮਤਾ ਮੱਕੜ ਤੇ ਅਕਾਦਮਿਕ ਡਾਇਰੈਕਟਰ ਤੇਜਿੰਦਰ ਕੌਰ ਵਾਲੀਆ ਨੇ ਵੀ ਬੱਚਿਆਂ, ਅਧਿਆਪਕਾਂ ਅਤੇ ਆਏ ਹੋਏ ਮਹਿਮਾਨਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹੋਏ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਜੀਵਨ 'ਚ ਅਪਣਾਉਣ ਲਈ ਪ੍ਰੇਰਿਤ ਕੀਤਾ | ਧਾਰਮਿਕ ਸਮਾਰੋਹ ਦੌਰਾਨ ਸਕੂਲ ਦੀ ਗਤਕਾ ਟੀਮ ਨੇ ਸ਼ਸਤਰ ਵਿੱਦਿਆ ਮਾਰਸ਼ਲ ਆਰਟ ਗਤਕਾ ਦੇ ਸ਼ਾਨਦਾਰ ਜੌਹਰ ਦਿਖਾਏ | ਵਿਦਿਆਰਥੀਆਂ ਨੇ ਆਪਣੀ ਕਲਾ ਰਾਹੀਂ ਸਿੱਖ ਵਿਰਸੇ ਅਤੇ ਬਹਾਦਰੀ ਦੀ ਝਲਕ ਪੇਸ਼ ਕੀਤੀ | ਸਮਾਗਮ ਵਿਚ ਇਲਾਕੇ ਦੇ ਪਤਵੰਤੇ ਸੱਜਣਾਂ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ | ਇਸ ਮੌਕੇ ਚਾਚਾ ਸਵਿੰਦਰ ਸਿੰਘ, ਰਾਜਾ ਧੰਜੂ ਦੇਵੀਗੜ੍ਹ, ਲਖਵੀਰ ਸਿੰਘ ਕਪੂਰੀ, ਦਾਨੂ ਲਾਂਬਾ, ਸਵਿੰਦਰ ਕੌਰ ਧੰਜੂ, ਡਾ. ਯਸ਼ਪਾਲ ਖੰਨਾ, ਚੌਧਰੀ ਲਖਵੀਰ ਸਿੰਘ, ਗੁਰਚਰਨ ਸਿੰਘ, ਸੰਟੀ ਦੇਵੀਗੜ੍ਹ ਆਦਿ ਹਾਜ਼ਰ ਸਨ |
ਜੱਜ ਮਾਡਰਨ ਸਕੂਲ 'ਚ ਪ੍ਰਕਾਸ਼ ਪੁਰਬ ਮਨਾਇਆ
ਦੇਵੀਗੜ੍ਹ (ਰਾਜਿੰਦਰ ਸਿੰਘ ਮੌਜੀ)-ਜੱਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਬਹਾਦਰਪੁਰ ਫਕੀਰਾਂ ਉਰਫ਼ ਛੰਨਾ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਪ੍ਰਕਾਸ਼ ਗੁਰਪੁਰਬ ਸਾਰੇ ਸਟਾਫ਼ ਤੇ ਵਿਦਿਆਰਥੀਆਂ ਵਲੋਂ ਬੜੀ ਸ਼ਰਧਾ, ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਸਬਦ ਕੀਰਤਨ ਨਾਲ ਹੋਈ, ਜਿਸ ਵਿਚ ਵਿਦਿਆਰਥੀਆਂ ਨੇ ਗੁਰੂ ਸਾਹਿਬ ਦੀ ਬਾਣੀ ਦਾ ਕੀਰਤਨ ਕਰਕੇ ਸਭ ਨੂੰ ਨਿਹਾਲ ਕੀਤਾ | ਬੱਚਿਆਂ ਵਲੋਂ ਗੁਰੂ ਨਾਨਕ ਦੇਵ ਜੀ ਦੇ ਜੀਵਨ, ਸਿੱਖਿਆ ਅਤੇ ਮੂਲ ਸਿਧਾਂਤਾਂ 'ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ' ਬਾਰੇ ਭਾਸ਼ਣ, ਸਾਖੀ ਪਾਠ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ | ਵਿਦਿਆਰਥੀਆਂ ਨੇ ਗੁਰੂ ਸਾਹਿਬ ਦੇ ਉਪਦੇਸਾ ਸੱਚ, ਨਿਮਰਤਾ, ਸੇਵਾ ਅਤੇ ਸਮਾਨਤਾ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣ ਦਾ ਸੰਦੇਸ਼ ਦਿੱਤਾ | ਸਮਾਰੋਹ ਦੌਰਾਨ ਸੰਤੋਖ ਸਿੰਘ ਮੈਨੇਜਿੰਗ ਡਾਇਰੈਕਟਰ ਤੇ ਪਿ੍ੰਸੀਪਲ ਨਵਤੇਜ ਸਿੰਘ ਨੇ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਉਦੇਸ਼ ਅਤੇ ਉਪਦੇਸ਼ਾ 'ਤੇ ਚੱਲਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਗੁਰੂ ਸਾਹਿਬ ਦੇ ਸਿਧਾਂਤ ਮਨੁੱਖਤਾ, ਪਿਆਰ, ਸਾਂਤੀ ਅਤੇ ਸੱਚਾ ਰਾਹ ਦਿਖਾਉਂਦੇ ਹਨ | ਸਮਾਗਮ ਦੇ ਅੰਤ 'ਚ ਸਾਰੇ ਸਟਾਫ਼ ਅਤੇ ਬੱਚਿਆਂ ਨੂੰ ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ ਗਈਆਂ ਅਤੇ ਸਭ ਦੀ ਚੜ੍ਹਦੀ ਕਲਾ ਦੀ ਅਰਦਾਸ ਵੀ ਕੀਤੀ ਗਈ |
ਟੈਗੋਰ ਇੰਟਰਨੈਸ਼ਨਲ ਸਕੂਲ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਦੇਵੀਗੜ੍ਹ, (ਰਾਜਿੰਦਰ ਸਿੰਘ ਮੌਜੀ)-ਟੈਗੋਰ ਇੰਟਰਨੈਸ਼ਨਲ ਸਕੂਲ 'ਚ ਸਰਬ ਸਾਂਝੇ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਸਵੇਰ ਦੀ ਸਭਾ ਬੁਲਾਈ ਗਈ ਜਿਸ ਦੀ ਸ਼ੁਰੂਆਤ ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠ ਨਾਲ ਕੀਤੀ ਗਈ | ਉਸ ਤੋਂ ਬਾਅਦ ਵਿਦਿਆਰਥੀਆਂ ਵਲੋਂ ਸ਼ਬਦ ਕੀਰਤਨ ਕੀਤਾ ਗਿਆ | ਵਿਦਿਆਰਥੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਕਵਿਤਾਵਾਂ ਅਤੇ ਵਿਚਾਰ ਪੇਸ਼ ਕੀਤੇ ਜਿਨ੍ਹਾਂ 'ਚ ਗੁਰੂ ਸਾਹਿਬ ਦੀਆਂ ਸਿੱਖਿਆਵਾਂ 'ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ' ਨੂੰ ਜੀਵਨ 'ਚ ਅਪਣਾਉਣ ਦਾ ਸੰਦੇਸ਼ ਦਿੱਤਾ ਗਿਆ | ਸਮਾਰੋਹ ਦੌਰਾਨ ਛੋਟੇ ਵਿਦਿਆਰਥੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ ਅਤੇ ਗੁਰਦੁਆਰਾ ਬਾਉਲੀ ਸਾਹਿਬ 'ਚ ਹਾਜ਼ਰੀ ਭਰੀ | ਇਸ ਮੌਕੇ ਸਲੋਨੀ ਗੁਲਾਟੀ ਤੇ ਪਿ੍ੰਸੀਪਲ ਮੀਨਾਕਸ਼ੀ ਸੂਦ ਨੇ ਗ੍ਰੰਥੀ ਸਿੰਘਾਂ ਨੂੰ ਸਿਰੋਪਾਉ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਸਕੂਲ ਡਾਇਰੈਕਟਰ ਗੌਰਵ ਗੁਲਾਟੀ, ਪ੍ਰਧਾਨ ਸਲੋਨੀ ਗੁਲਾਟੀ, ਮੈਨੇਜਰ ਸੁਸ਼ੀਲ ਮਿਸਰਾ ਅਤੇ ਪਿ੍ੰਸੀਪਲ ਮੀਨਾਕਸ਼ੀ ਸੂਦ ਨੇ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਉੱਚ ਸਿੱਖਿਆਵਾਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਉਨਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਸਦਾ ਮਨੁੱਖਤਾ, ਸਾਂਝ ਅਤੇ ਸਮਾਨਤਾ ਦਾ ਰਾਹ ਦਿਖਾਉਂਦਾ ਹੈ |
ਡਾ. ਬੀ. ਐੱਸ. ਸੰਧੂ ਸਕੂਲ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਦੇਵੀਗੜ੍ਹ, (ਰਾਜਿੰਦਰ ਸਿੰਘ ਮੌਜੀ)-ਡਾ. ਬੀ. ਐੱਸ. ਸੰਧੂ ਮੈਮੋਰੀਅਲ ਪਬਲਿਕ ਸਕੂਲ, ਘੜਾਮ ਰੋਡ, ਜੁਲਾਹਖੇੜੀ 'ਚ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਪਵਿੱਤਰ ਮੌਕੇ 'ਤੇ ਸਕੂਲ ਦੇ ਸਮੂਹ ਵਿਦਿਆਰਥੀਆਂ, ਅਧਿਆਪਕਾਂ ਅਤੇ ਪ੍ਰਬੰਧਕੀ ਸਟਾਫ਼ ਨੇ ਮਿਲ ਕੇ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਯਾਦ ਕੀਤਾ | ਸਮਾਗਮ ਦੀ ਸ਼ੁਰੂਆਤ ਜਪੁਜੀ ਸਾਹਿਬ ਜੀ ਦੇ ਪਾਠ ਨਾਲ ਹੋਈ ਇਸ ਤੋਂ ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ, ਇਸ ਤੋਂ ਬਾਅਦ ਵਿਦਿਆਰਥੀਆਂ ਵਲੋਂ ਸ਼ਬਦ ਕੀਰਤਨ ਅਤੇ ਧਾਰਮਿਕ ਕਵਿਤਾਵਾਂ ਪੇਸ਼ ਕੀਤੀਆਂ ਗਈਆਂ | ਵਿਦਿਆਰਥੀਆਂ ਨੇ 'ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ' ਦੇ ਮੂਲ ਸਿਧਾਂਤਾਂ 'ਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਕਿਵੇਂ ਗੁਰੂ ਜੀ ਨੇ ਮਨੁੱਖਤਾ ਨੂੰ ਇਕਜੁੱਟਤਾ, ਸਚਾਈ ਅਤੇ ਸੇਵਾ ਦਾ ਸੰਦੇਸ਼ ਦਿੱਤਾ | ਸਕੂਲ ਚੇਅਰਮੈਨ ਹਰਦੀਪ ਸਿੰਘ ਸੰਧੂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਾਨੂੰ ਸਰਬੱਤ ਦੇ ਭਲੇ ਅਤੇ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕਰਦਾ ਹੈ | ਮੈਨੇਜਿੰਗ ਡਾਇਰੈਕਟਰ ਰਾਜਿੰਦਰ ਕੌਰ ਸੰਧੂ ਨੇ ਕਿਹਾ ਕਿ ਇਹ ਪਵਿੱਤਰ ਦਿਹਾੜਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਗਿਆਨ ਦੀ ਰੌਸ਼ਨੀ ਨਾਲ ਹੀ ਸਮਾਜ ਵਿਚੋਂ ਭੇਦਭਾਵ ਅਤੇ ਅਗਿਆਨਤਾ ਨੂੰ ਦੂਰ ਕੀਤਾ ਜਾ ਸਕਦਾ ਹੈ | ਪਿ੍ੰਸੀਪਲ ਤਰਨਦੀਪ ਕੌਰ ਅਰੋੜਾ ਨੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਨੂੰ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਸਕੂਲ ਦਾ ਮੁੱਖ ਉਦੇਸ਼ ਬੱਚਿਆਂ ਨੂੰ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਗੁਰੂ ਜੀ ਦੇ ਆਦਰਸ਼ਾਂ ਅਨੁਸਾਰ ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ ਦੇਣਾ ਵੀ ਹੈ | ਗੁਰੂ ਸਾਹਿਬ ਜੀ ਦਾ ਚਾਨਣ ਹਮੇਸ਼ਾ ਸਾਡਾ ਮਾਰਗ ਦਰਸ਼ਨ ਕਰਦਾ ਰਹੇਗਾ |
ਨਗਰ ਕੀਰਤਨ ਸਜਾਇਆ
ਨਾਭਾ, (ਕਰਮਜੀਤ ਸਿੰਘ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਾਭਾ ਵਿਖੇ ਜੈਤੋ ਦੇ ਸ਼ਹੀਦਾਂ ਦੀ ਯਾਦ ਵਿਚ ਸੁਸ਼ੋਭਿਤ ਗੁਰਦੁਆਰਾ ਅਕਾਲਗੜ੍ਹ ਸਾਹਿਬ ਤੋਂ ਇਕ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਨਗਾਰਿਆਂ ਧੌਂਸਿਆਂ ਨਰਸਿੰਗੀਆਂ ਦੇ ਇਲਾਹੀ ਧੁਨਾਂ ਅਰਦਾਸ ਕਰਨ ਉਪਰੰਤ ਜੈਕਾਰਿਆਂ ਨਾਲ ਪ੍ਰਾਰੰਭ ਹੋਇਆ ਜੋ ਕਿ ਗੁਰਦੁਆਰਾ ਅਕਾਲਗੜ੍ਹ ਸਾਹਿਬ ਤੋਂ ਗੁਰਦੁਆਰਾ ਘੋੜਿਆਂ ਵਾਲਾ ਸਾਹਿਬ ਨਾਭਾ ਹੁੰਦਾ ਹੋਇਆ ਸ਼ਹਿਰ ਦੇ ਵੱਖ-ਵੱਖ ਗਲੀਆਂ ਮੁਹੱਲਿਆਂ ਅਤੇ ਗੁਰੂ ਘਰਾਂ ਵਿਚੋਂ ਦੀ ਹੁੰਦਾ ਹੋਇਆ ਇਸੇ ਅਸਥਾਨ ਵਿਖੇ ਸੰਪੂਰਨ ਹੋਇਆ |
ਨਗਰ ਕੀਰਤਨ ਵਿਚ ਵਿਸ਼ੇਸ਼ ਤੌਰ 'ਤੇ ਖ਼ਾਲਸਾਈ ਰੂਪ ਵਿਚ ਘੋੜ ਸਵਾਰ, ਸਕੂਲੀ ਬੱਚੇ ਬੈਂਡ ਪਾਰਟੀਆਂ ਅਤੇ ਵੱਖ-ਵੱਖ ਵਾਹਨਾਂ ਰਾਹੀਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਤੇ ਗਤਕਾ ਪਾਰਟੀਆਂ ਨੇ ਆਪਣੀ ਕਲਾ ਰਾਹੀਂ ਖ਼ਾਲਸਾਈ ਖੇਡਾਂ ਦੇ ਸੰਗਤਾਂ ਨੂੰ ਜੌਹਰ ਦਿਖਾ ਕੇ ਅਚੰਭਿਤ ਕਰ ਦਿੱਤਾ | ਨਗਰ ਕੀਰਤਨ ਦੇ ਸਤਿਕਾਰ ਹਿਤ ਸੰਗਤਾਂ ਵਲੋਂ ਵੱਖ-ਵੱਖ ਥਾਵਾਂ 'ਤੇ ਲੰਗਰ ਸਜਾਵਟੀ ਗੇਟ ਲਗਾਏ ਗਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਫੁੱਲਾਂ ਨਾਲ ਸਜਾਈ ਸੁੰਦਰ ਪਾਲਕੀ ਦੇ ਨਾਲ-ਨਾਲ ਸ਼ਬਦੀ ਜਥਿਆਂ ਵਲੋਂ ਹਰੀ ਜਸ ਸ਼ਬਦ ਗੁਰਬਾਣੀ ਦਾ ਗਾਇਨ ਕਰਕੇ ਗੁਰੂ ਕੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ | ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸਵ. ਰਾਜਾ ਨਰਿੰਦਰ ਸਿੰਘ ਦੇ ਪੋਤਰੇ ਮਾਨਇੰਦਰ ਸਿੰਘ ਮਾਨੀ, ਜਥੇਦਾਰ ਬਲਤੇਜ ਸਿੰਘ ਖੋਖ, ਗੁਰਦਿਆਲ ਇੰਦਰ ਸਿੰਘ ਬਿੱਲੂ, ਮੈਨੇਜਰ ਆਤਮ ਪ੍ਰਕਾਸ਼ ਸਿੰਘ ਗੁਰਦੁਆਰਾ ਘੋੜਿਆਂ ਵਾਲਾ ਨਾਭਾ, ਡਾ. ਮਨਿੰਦਰ ਸਿੰਘ ਪਟਿਆਲਾ ਕਥਾਵਾਚਕ, ਮੈਨੇਜਰ ਹਰਨੇਕ ਸਿੰਘ, ਭਾਈ ਮਨਪ੍ਰੀਤ ਸਿੰਘ ਹੈੱਡ ਗ੍ਰੰਥੀ, ਬਲਜੀਤ ਸਿੰਘ ਖਹਿਰਾ ਬੀਡੀਪੀਓ, ਮੈਨੇਜਰ ਅਮਰੀਕ ਸਿੰਘ ਰੋਹਟਾ ਸਾਹਿਬ, ਜਥੇ. ਸ਼ਮਸ਼ੇਰ ਸਿੰਘ ਚੌਧਰੀ ਮਾਜਰਾ, ਬਹਾਦਰ ਸਿੰਘ ਲੱਧਾਹੇੜੀ, ਐਡ. ਸਿਕੰਦਰ ਪ੍ਰਤਾਪ ਸਿੰਘ, ਗੁਰਬਖਸੀਸ ਸਿੰਘ ਨਰਮਾਣਾ, ਡਾ. ਅਮਰਜੀਤ ਸਿੰਘ ਸਾਹਨੀ, ਗੁਰਿੰਦਰ ਸਿੰਘ ਬੱਬੂ, ਬਬਲੂ ਚੌਹਾਨ ਅਤੇ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
ਫਤਹਿਪੁਰ ਸਕੂਲ ਵਿਖੇ ਪ੍ਰਕਾਸ਼ ਪੁਰਬ ਮਨਾਇਆ
ਸਮਾਣਾ, (ਸਾਹਿਬ ਸਿੰਘ)-ਬਾਬਾ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫਤਿਪੁਰ ਸਮਾਣਾ ਵਲੋਂ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਵਿੱਦਿਆਰਥੀਆਂ ਅਤੇ ਅਧਿਆਪਕ ਵਲੋਂ ਗੁਰੂ ਨਾਨਕ ਦੇਵ ਜੀ ਦੀ ਜੀਵਨੀ, ਸਿਧਾਤਾਂ ਅਤੇ ਸਿੱਖਿਆਵਾਂ ਉੱਤੇ ਚਾਨਣਾ ਪਾਇਆ ਗਿਆ | ਇਸ ਉਪਰੰਤ ਵਿਦਿਆਰਥੀਆਂ ਦੇ ਪੇਟਿੰਗ ਤੇ ਸ਼ਬਦ ਗਾਇਨ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਪਹਿਲਾ, ਦੂਜਾ, ਤੀਜਾ ਸਥਾਨ ਰੱਖਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਸਕੂਲ ਕੇਮਟੀ ਦੇ ਪ੍ਰਧਾਨ ਪਰਦਮਨ ਸਿੰਘ ਵਿਰਕ ਨੇ ਬੱਚਿਆਂ ਤੇ ਸਟਾਫ਼ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਦੀ ਸਿੱਖਿਆਵਾਂ 'ਤੇ ਚੱਲ ਕੇ ਭੱਜ ਦੌੜ ਦੇ ਬਾਵਜੂਦ ਸ਼ਾਂਤੀ ਨਾਲ ਰਿਹਾ ਜਾ ਸਕਦਾ ਹੈ | ਸਕੂਲ ਪਿੰ੍ਰਸੀਪਲ ਨੇ ਬੱਚਿਆਂ ਨੂੰ ਗੁਰੂ ਜੀ ਦੇ ਬਾਲ ਜੀਵਨ ਬਾਰੇ ਦੱਸਿਆ |