ਪਟਿਆਲਾ, 5 ਦਸੰਬਰ (ਗੁਰਵਿੰਦਰ ਸਿੰਘ ਔਲਖ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਪਹਿਲੀ ਅੰਤਰਰਾਸ਼ਟਰੀ ਕਬੱਡੀ ਕਾਨਫ਼ਰੰਸ 6 ਤੋਂ 8 ਫਰਵਰੀ 2026 ਤੱਕ ਕਰਵਾਈ ਜਾ ਰਹੀ ਹੈ, ਜਿਸ ਵਿਚ ਦੁਨੀਆਂ ਭਰ ਤੋਂ ਕੌਮਾਂਤਰੀ ਪੱਧਰ ਦੇ ਪੰਜਾਬੀ ਖਿਡਾਰੀ, ਲੇਖਕ ਤੇ ਹੋਰ ਵਿਦਵਾਨ ਸ਼ਮੂਲੀਅਤ ਕਰਨਗੇ | ਇਹ ਪ੍ਰਗਟਾਵਾ ਜਗਤ ਪੰਜਾਬੀ ਸਭਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ, ਕਮੇਟੀ ਦੇ ਮੈਂਬਰ ਇੰਦਰਜੀਤ ਸਿੰਘ ਖਰੌੜ ਅਤੇ ਪੰਜਾਬੀ ਯੂਨੀਵਰਸਿਟੀ ਦੇ ਡੀਨ ਅਲੂਮਨੀ ਡਾ. ਰਾਜਬੰਸ ਸਿੰਘ ਗਿੱਲ ਨੇ ਕੀਤਾ ਹੈ | ਅੱਜ ਇੱਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪੈੱ੍ਰਸ ਕਾਨਫ਼ਰੰਸ ਨੰੂ ਸੰਬੋਧਨ ਕਰਦਿਆਂ ਅਜੈਬ ਸਿੰਘ ਚੱਠਾ, ਇੰਦਰਜੀਤ ਸਿੰਘ ਖਰੌੜ ਤੇ ਡਾ. ਰਾਜਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਦੁਨੀਆਂ ਭਰ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਕਬੱਡੀ ਖੇਡ ਦੀ ਸ਼ੁਰੂਆਤ ਤੋਂ ਲੈ ਕੇ ਮੌਜੂਦਾ ਹਾਲਾਤਾਂ ਤੱਕ ਚਰਚਾ ਵਾਸਤੇ ਅਜਿਹੀ ਕਾਨਫ਼ਰੰਸ ਕਰਵਾਈ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਅਸੀਂ ਕਬੱਡੀ ਦੇ ਕੌਮਾਂਤਰੀ ਪੰਜਾਬੀ ਖਿਡਾਰੀਆਂ ਦੇ ਸੰਪਰਕ ਵਿਚ ਹਾਂ ਜਿਨ੍ਹਾਂ ਨੂੰ ਇਸ ਕਾਨਫ਼ਰੰਸ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਕਾਨਫ਼ਰੰਸ ਦਾ ਮੁੱਖ ਵਿਸ਼ਾ ਹੋਵੇਗਾ ਕਿ ਪੰਜਾਬੀ ਕਬੱਡੀ ਦਾ ਇਤਿਹਾਸ ਕੀ ਹੈ? ਉਨ੍ਹਾਂ ਕਿਹਾ ਕਿ ਜਿਹੜੇ ਵੀ ਆਪਣੇ ਸਮੇਂ ਦੇ ਹੀਰੋ ਕਬੱਡੀ ਖਿਡਾਰੀ ਹਨ ਜਿਹੜੇ ਜਿਉਂਦੇ ਹਨ, ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇ ਅਤੇ ਜਿਹੜੇ ਇਸ ਜਹਾਨ ਵਿਚ ਨਹੀਂ ਹਨ, ਉਨ੍ਹਾਂ ਦੀ ਤਸਵੀਰ 'ਤੇ ਫੁੱਲ ਚੜ੍ਹਾ ਕੇ ਉਨ੍ਹਾਂ ਨੂੰ ਸਤਿਕਾਰ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਅਸੀਂ ਕਬੱਡੀ ਦੇ ਭਵਿੱਖ ਅਤੇ ਕਬੱਡੀ ਦਾ ਕੌਮਾਂਤਰੀਕਰਨ ਕਿਵੇਂ ਹੋਇਆ, ਉਸ 'ਤੇ ਚਰਚਾ ਕਰਾਂਗੇ | ਇਸ ਤੋਂ ਇਲਾਵਾ ਇਸ ਮੌਕੇ ਕਬੱਡੀ ਦੇ ਪ੍ਰਮੋਟਰਾਂ ਦੀ ਵੀ ਗੱਲ ਕਰਾਂਗੇ | ਉਨ੍ਹਾਂ ਦਸਿਆ ਕਿ ਪਿ੍ੰਸੀਪਲ ਸਰਵਣ ਸਿੰਘ, ਰੌਸ਼ਨ ਖੈੜਾ, ਡਾ. ਸੁਖਦਰਸ਼ਨ ਚਹਿਲ ਤੇ ਹੋਰ ਬਹੁਤ ਸਾਰੇ ਲੇਖਕ ਹਨ ਜਿਨ੍ਹਾਂ ਨੇ ਇਸ ਬਾਰੇ ਪੀਐੱਚ-ਡੀ ਵੀ ਕੀਤੀ ਹੈ ਉਹ ਵੀ ਸ਼ਮੂਲੀਅਤ ਕਰਨਗੇ | ਉਨ੍ਹਾਂ ਦੱਸਿਆ ਕਿ ਅਸੀਂ ਇਸ ਬਾਰੇ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ | ਇਸ ਕਾਨਫ਼ਰੰਸ ਵਿਚ 35 ਦੇ ਕਰੀਬ ਪੁਰਾਣੇ ਪੰਜਾਬੀ ਕਬੱਡੀ ਖਿਡਾਰੀ ਅਮਰੀਕਾ, ਕੈਨੇਡਾ, ਇੰਗਲੈਂਡ ਸਮੇਤ ਵੱਖ-ਵੱਖ ਮੁਲਕਾਂ ਤੋਂ ਪਹੁੰਚਣਗੇ ਅਤੇ ਕਿਹਾ ਕਿ ਇਸ ਕਾਨਫ਼ਰੰਸ ਵਾਸਤੇ ਪੂਰੀ ਤਿਆਰੀ ਵਿਚ ਹਨ ਤੇ ਕੌਮਾਂਤਰੀ ਪੱਧਰ ਦੀ ਕਾਨਫ਼ਰੰਸ ਕਰਵਾਈ ਜਾਵੇਗੀ | ਕਾਨਫ਼ਰੰਸ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਚੱਲੇਗੀ, ਜਿਸ ਵਿਚ ਵੱਖ-ਵੱਖ ਸੈਸ਼ਨ ਹੋਣਗੇ |