ਪਾਤੜਾਂ, 5 ਦਸੰਬਰ (ਗੁਰਇਕਬਾਲ ਸਿੰਘ ਖਾਲਸਾ, ਜਗਦੀਸ਼ ਸਿੰਘ ਕੰਬੋਜ)-ਹਲਕਾ ਸ਼ੁਤਰਾਨਾ ਅੰਦਰ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਲੜ ਰਹੇ ਉਮੀਦਵਾਰਾਂ ਦੇ ਕਾਗਜ਼ਾਂ ਦੀ ਪੜਤਾਲ ਦੀ ਸੂਚੀ ਦੇਰ ਰਾਤ ਤੱਕ ਜਾਰੀ ਨਾ ਕੀਤੇ ਜਾਣ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਐੱਸ.ਡੀ.ਐੱਮ. ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਧਰਨਾ ਦਿੱਤਾ | ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਖ਼ਾਦੀ ਬੋਰਡ ਪੰਜਾਬ ਦੇ ਸਾਬਕਾ ਡਾਇਰੈਕਟਰ ਜਥੇਦਾਰ ਜੋਗਾ ਸਿੰਘ ਸਿੱਧੂ, ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਨਰਾਇਣ ਸਿੰਘ ਨਰਸੋਤ ਅਤੇ ਸੀਨੀਅਰ ਕਾਂਗਰਸੀ ਆਗੂ ਨਛੱਤਰ ਸਿੰਘ ਅਰਾਈ ਮਾਜਰਾ ਅਤੇ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਆਗੂਆਂ ਵਲੋਂ ਸੂਚੀ 'ਚ ਜਾਣ ਬੁੱਝ ਕੇ ਕੀਤੀ ਜਾ ਰਹੀ ਦੇਰੀ ਨੂੰ ਲੈ ਕੇ ਗੁੱਸਾ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਚੋਣਾਂ ਕਰਵਾਈਆਂ ਨਹੀਂ ਸਗੋਂ ਲੁੱਟਣ ਦੀਆਂ ਕੋਸਿਸ਼ਾਂ ਕੀਤੀਆਂ ਜਾ ਰਹੀਆਂ ਹਨ ਆਪਣੇ ਇਸ ਮਨਸੇ ਨੂੰ ਪੂਰਾ ਕਰਨ ਲਈ ਸਰਕਾਰ ਵਲੋਂ ਪ੍ਰਸ਼ਾਸਨ ਦੇ ਸਹਿਯੋਗ ਨਾਲ ਵਿਰੋਧੀ ਧਿਰਾਂ ਨੂੰ ਦਬਾਉਣ ਦੀ ਰਾਜਨੀਤੀ ਕੀਤੀ ਜਾ ਰਹੀ ਹੈ | ਉਕਤ ਵੱਖ-ਵੱਖ ਆਗੂਆਂ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ ਉਮੀਦਵਾਰਾਂ ਦੇ ਕਾਗਜ਼ਾਂ ਦੀ ਪੜਤਾਲ ਦੁਪਹਿਰ 3 ਵਜੇ ਤੱਕ ਕੀਤੀ ਜਾਣੀ ਸੀ, ਪਰ ਬਦਕਿਸਮਤੀ ਦੀ ਗੱਲ ਹੈ ਕਿ ਪਾਤੜਾਂ ਦੇ ਪ੍ਰਸ਼ਾਸਨ ਵਲੋਂ ਰਾਤ 8 ਵਜੇ ਤੱਕ ਵੀ ਕੋਈ ਸੂਚੀ ਜਨਤਕ ਨਹੀਂ ਕੀਤੀ ਗਈ, ਜਿਸ ਕਰਕੇ ਚੋਣ ਲੜ ਰਹੇ ਉਮੀਦਵਾਰਾਂ ਦੇ ਨਾਲ-ਨਾਲ ਪਾਰਟੀਆਂ ਦੇ ਵਰਕਰਾਂ ਵਿਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਹਲਕਾ ਸ਼ੁਤਰਾਣਾ ਵਿਚ ਚੋਣ ਮੈਦਾਨ ਵਿਚ ਨਿਤਰੇ ਉਮੀਦਵਾਰਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ | ਆਗੂਆਂ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਲਗਾਈ ਹੋਈ ਹੈ ਤੇ ਦਫ਼ਤਰ ਦੇ ਗੇਟ ਬੰਦ ਕਰਕੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਲੋਕ ਅੰਦਰ ਬੈਠੇ ਹੋਏ ਹਨ | ਉਨ੍ਹਾਂ ਕਿਹਾ ਕਿ ਬਲਾਕ ਸੰਮਤੀ ਪਾਤੜਾਂ ਦੇ ਔਰਤਾਂ ਲਈ ਰਿਜ਼ਰਵ ਜ਼ੋਨਾਂ ਉੱਤੋਂ ਚੋਣ ਲੜ ਰਹੇ ਔਰਤ ਉਮੀਦਵਾਰਾਂ ਨੂੰ ਜਾਣ ਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਜੇਕਰ ਬਿਨਾਂ ਕਿਸੇ ਗੱਲੋਂ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਗਏ ਜਾਂ ਲਿਸਟਾਂ ਜਾਰੀ ਨਾ ਕੀਤੀਆਂ ਗਈਆਂ ਦੋਨਾਂ ਹਾਲਾਤਾਂ ਵਿਚ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ ਤੇ ਕੱਲ੍ਹ ਨੂੰ ਪਾਤੜਾਂ ਸ਼ਹਿਰ ਵਿਚ ਸਾਰੀਆਂ ਧਿਰਾਂ ਵਲੋਂ ਸਾਂਝੇ ਤੌਰ 'ਤੇ ਧਰਨਾ ਪ੍ਰਦਰਸ਼ਨ ਕਰਨ ਦੇ ਚੇਤਾਵਨੀ ਵੀ ਦਿੱਤੀ ਗਈ | ਖ਼ਬਰ ਲਿਖੇ ਜਾਣ ਤੱਕ ਧਰਨਾ ਲਗਾਤਾਰ ਜਾਰੀ ਹੈ | ਇਸ ਮੌਕੇ ਕਾਂਗਰਸੀ ਆਗੂ ਦਲੇਰ ਸਿੰਘ ਹਰਿਆਊ, ਜ਼ਿਲ੍ਹਾ ਪਰਿਸ਼ਦ ਉਮੀਦਵਾਰ ਦਵਿੰਦਰਦੀਪ ਸਿੰਘ ਬੂਟਾ ਮੌਲਵੀਵਾਲਾ, ਭਾਜਪਾ ਆਗੂ ਸਤੀਸ਼ ਕੁਮਾਰ ਗਰਗ, ਬਿਕਰਮਜੀਤ ਸਿੰਘ ਅਰਨੋਂ, ਸਿਕੰਦਰ ਸਿੰਘ ਦੁਤਾਲ, ਸੁਰਜੀਤ ਸਿੰਘ ਮਾਹਲ ਅਤੇ ਭਾਜਪਾ ਆਗੂ ਨਿਰੰਕਾਰ ਸਿੰਘ ਸ਼ੁਤਰਾਣਾ, ਧੰਨਾ ਸਿੰਘ ਕੁਲਬਾਣੂੰ ਤੇ ਪਿ੍ਤਪਾਲ ਸਿੰਘ ਬਿੱਟੂ ਸ਼ਾਹਪੁਰ ਆਦਿ ਹਾਜ਼ਰ ਸਨ |