ਰਾਜਪੁਰਾ, 17 ਦਸੰਬਰ (ਜੀ.ਪੀ. ਸਿੰਘ)-ਹਲਕਾ ਰਾਜਪੁਰਾ ਦੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 'ਚ ਕਾਂਗਰਸ ਨੇ ਸੱਤਾਧਾਰੀ ਧਿਰ ਵਲੋਂ ਚੋਣ ਮੁਹਿੰਮ ਦੌਰਾਨ ਪਾਈਆਂ ਅੜਚਣਾਂ ਅਤੇ ਨਾਮਜ਼ਦਗੀ ਸਮੇਂ ਖੋਹੀਆਂ ਗਈਆਂ ਫਾਈਲਾਂ ਤੇ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰਨ ਦੇ ਬਾਵਜੂਦ ਐਲਾਨੇ ਗਏ ਨਤੀਜਿਆਂ 'ਚ ਕਾਂਗਰਸ ਪਾਰਟੀ ਨੇ ਹਲਕੇ ਦੀਆਂ 15 ਸੀਟਾਂ 'ਚੋਂ 8 ਜਿੱਤ ਕੇ 2027 ਦੀਆਂ ਵਿਧਾਨਸਭਾ ਚੋਣਾਂ ਲਈ ਆਪਣੀ ਹੋਂਦ ਅਤੇ ਇਰਾਦੇ ਦਿਖਾ ਦਿੱਤੇ ਹਨ | ਐੱਸ. ਡੀ. ਐੱਮ. ਕਮ ਚੋਣ ਅਧਿਕਾਰੀ ਨਮਨ ਮਾਰਕਨ ਨੇ ਦੇਰ ਸ਼ਾਮ ਨਤੀਜੇ ਐਲਾਨੇ ਤੇ ਦੱਸਿਆ ਕਿ ਹਲਕਾ ਰਾਜਪੁਰਾ ਦੀਆਂ ਪੰਚਾਇਤ ਸੰਮਤੀ ਚੋਣਾਂ 'ਚ ਕਾਂਗਰਸ ਪਾਰਟੀ ਸਭ ਤੋਂ ਵੱਧ 8 ਸੀਟਾਂ ਲੈ ਕੇ ਪਹਿਲੇ ਸਥਾਨ 'ਤੇ ਰਹੀ | ਦੂਜੇ ਸਥਾਨਕ ਸੱਤਾ ਧਿਰ ਆਮ ਆਦਮੀ ਪਾਰਟੀ ਦੇ ਹਿੱਸੇ ਸਿਰਫ 6 ਸੀਟਾਂ ਆਈਆਂ ਤੇ ਸ਼੍ਰੋਮਣੀ ਅਕਾਲੀ ਦਲ ਇਕ ਸੀਟ ਜਿੱਤਣ 'ਚ ਕਾਮਯਾਬ ਹੋਈ ਹੈ | ਜਦੋਂ ਕਿ ਭਾਜਪਾ ਖਾਤਾ ਵੀ ਨਹੀਂ ਖੋਲ੍ਹ ਸਕੀ | ਪ੍ਰਾਪਤ ਜਾਣਕਾਰੀ ਦੇ ਅਨੁਸਾਰ ਬਲਾਕ ਸੰਮਤੀ ਜ਼ੋਨ ਉੜਦਨ ਤੋਂ ਉਮੀਦਵਾਰ ਬਲਵਿੰਦਰ ਸਿੰਘ (ਕਾਂਗਰਸ), ਸ਼ਾਮਦੋ ਤੋਂ ਸੰਨੀ ਕਾਠਪਾਲ (ਕਾਂਗਰਸ), ਜ਼ੋਨ ਜਲਾਲਪੁਰ ਤੋਂ ਜਸਬੀਰ ਕੌਰ (ਕਾਂਗਰਸ), ਜ਼ੋਨ ਭੱਪਲ ਤੋਂ ਨਛੱਤਰ ਸਿੰਘ (ਕਾਂਗਰਸ), ਜ਼ੋਨ ਖਰਾਜਪੁਰ ਤੋਂ ਆਤਮਾ ਸਿੰਘ (ਕਾਂਗਰਸ), ਜ਼ੋਨ ਜੰਡੋਲੀ ਤੋਂ ਗੁਰਮੀਤ ਕੌਰ (ਕਾਂਗਰਸ), ਜ਼ੋਨ ਨਲਾਸ ਖ਼ੁਰਦ ਤੋਂ ਆਰਤੀ (ਕਾਂਗਰਸ), ਜ਼ੋਨ ਖਰੋਲਾ ਤੋਂ ਸੁਖਵਿੰਦਰ ਸਿੰਘ (ਕਾਂਗਰਸ) ਸਮੇਤ 8 ਉਮੀਦਵਾਰ ਜੇਤੂ ਐਲਾਨੇ ਗਏ | ਇਸ ਤਰ੍ਹਾਂ ਜ਼ੋਨ ਚੰਦੂਮਾਜਰਾ ਤੋਂ ਹਰਜਿੰਦਰ ਕੌਰ ('ਆਪ'), ਜ਼ੋਨ ਬਸੰਤਪੁਰਾ ਤੋਂ ਜਗਦੀਪ ਸਿੰਘ ਅਲੂਣਾ ('ਆਪ'), ਜ਼ੋਨ ਦਮਨਹੇੜੀ ਤੋਂ ਜਸਪਾਲ ਸਿੰਘ ('ਆਪ'), ਜ਼ੋਨ ਮਿਰਜ਼ਾਪੁਰ ਤੋਂ ਧਰਮਪਾਲ ਸਿੰਘ ('ਆਪ'), ਜ਼ੋਨ ਰੰਗੀਆਂ ਤੋਂ ਉਮੀਦਵਾਰ ਸਿੰਧੀਆ ('ਆਪ'), ਜ਼ੋਨ ਉਕਸੀ ਜੱਟਾਂ ਤੋਂ ਮਨਪ੍ਰੀਤ ਕੌਰ ('ਆਪ') ਸਮੇਤ 6 ਉਮੀਦਵਾਰ ਜੇਤੂ ਰਹੇ ਹਨ | ਇਸ ਤਰ੍ਹਾਂ ਬਲਾਕ ਸੰਮਤੀ ਜ਼ੋਨ ਫਤਿਹਪੁਰ ਗੜੀ ਤੋਂ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਸ਼ਿੰਗਾਰਾ ਸਿੰਘ ਜੇਤੂ ਰਹੇ | ਇਸ ਤਰ੍ਹਾਂ ਜ਼ਿਲ੍ਹਾ ਪਰਿਸ਼ਦ ਜ਼ੋਨ ਉੜਦਨ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਸਤਵਿੰਦਰ ਸਿੰਘ ਮਿਰਜ਼ਾਪੁਰ ਆਪਣੇ ਵਿਰੋਧੀ ਕਾਂਗਰਸ ਪਾਰਟੀ ਉਮੀਦਵਾਰ ਅਮਰ ਸਿੰਘ ਨੂੰ ਹਰਾ ਕੇ ਜੇਤੂ ਰਹੇ | ਇਨ੍ਹਾਂ ਜੇਤੂ ਉਮੀਦਵਾਰਾਂ ਨੂੰ ਜੇਤੂ ਸਰਟੀਫਿਕੇਟ ਵੰਡ ਦਿੱਤੇ ਗਏ ਹਨ |