ਦੇਵੀਗੜ੍ਹ, 22 ਦਸੰਬਰ (ਰਾਜਿੰਦਰ ਸਿੰਘ ਮੌਜੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗੜ੍ਹ ਦੇ ਵਿਦਿਆਰਥੀਆਂ ਦਾ ਇਕ ਵਿੱਦਿਅਕ ਅਤੇ ਇਤਿਹਾਸਕ ਟੂਰ ਪੰਜ ਦਿਨਾਂ ਲਈ ਰਾਜਸਥਾਨ ਦੀ ਰਾਜਧਾਨੀ ਜੈਪੁਰ ਲਈ ਬੜੇ ਉਤਸ਼ਾਹ ਨਾਲ ਰਵਾਨਾ ਹੋਇਆ | ਪੰਜਾਬ ਸਰਕਾਰ ਦੇ ਦਿਸ਼ਾਂ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਉਲੀਕਿਆ ਗਿਆ | ਇਹ ਟੂਰ ਸਕੂਲ ਦੇ ਪਿ੍ੰਸੀਪਲ ਸੁਧੀਰ ਕੁਮਾਰ ਦੀ ਅਗਵਾਈ ਹੇਠ ਭੇਜਿਆ ਗਿਆ ਹੈ | ਟੂਰ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਦੇ ਹੋਏ ਪਿ੍ੰਸੀਪਲ ਸੁਧੀਰ ਕੁਮਾਰ ਨੇ ਦੱਸਿਆ ਕਿ ਅਜਿਹੇ ਵਿੱਦਿਅਕ ਦੌਰੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ | ਉਨ੍ਹਾਂ ਕਿਹਾ ਕਿ ਕਿਤਾਬੀ ਗਿਆਨ ਦੇ ਨਾਲ-ਨਾਲ ਦੁਨੀਆ ਨੂੰ ਅੱਖੀਂ ਵੇਖਣਾ ਬੱਚਿਆਂ ਦੇ ਆਤਮ-ਵਿਸ਼ਵਾਸ 'ਚ ਵਾਧਾ ਕਰਦਾ ਹੈ | ਇਹ ਟੂਰ ਪੰਜਾਬ ਸਰਕਾਰ ਦੀ ਉਸ ਮੁਹਿੰਮ ਦਾ ਹਿੱਸਾ ਹੈ, ਜਿਸ ਤਹਿਤ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਭਾਰਤ ਦੇ ਅਮੀਰ ਵਿਰਸੇ ਨਾਲ ਜੋੜਨ ਦੇ ਉਪਰਾਲੇ ਕੀਤੇ ਜਾ ਰਹੇ ਹਨ | ਟੂਰ ਦੇ ਨਾਲ ਅਧਿਆਪਕ ਅਮਰ ਸਿੰਘ ਟੂਰ ਕੁਆਰਡੀਨੇਟਰ ਤੇ ਅਰਵਿੰਦਰ ਕੌਰ ਵੀ ਗਏ ਹਨ, ਜੋ ਬੱਚਿਆਂ ਨੂੰ ਹਰ ਇਤਿਹਾਸਕ ਸਥਾਨ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣਗੇ | ਇਸ ਮੌਕੇ ਚੇਅਰਮੈਨ ਪਰਮਿੰਦਰ ਸਿੰਘ, ਸੋਹਨ ਲਾਲ, ਸਿਮਰਨਜੀਤ ਸਿੰਘ, ਮਨਪ੍ਰੀਤ ਕੌਰ, ਬਲਜਿੰਦਰ ਕੌਰ, ਡਿੰਪਲ, ਰਜਨੀ, ਮੁਨੀਸ਼ ਰਾਜ ਤੇ ਵਿਜੈ ਕੁਮਾਰ ਆਦਿ ਹਾਜ਼ਰ ਸਨ |