ਨਾਭਾ, 30 ਦਸੰਬਰ (ਕਰਮਜੀਤ ਸਿੰਘ)-ਨਾਭਾ ਸ਼ਹਿਰ ਦੀ ਬਾਈਪਾਸ ਸੜਕ ਇਕ ਵਾਰ ਫਿਰ ਜਾਨਲੇਵਾ ਸਾਬਤ ਹੋਈ ਹੈ | ਬੀਤੀ ਰਾਤ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਪੁੱਡਾ ਕਾਲੋਨੀ ਨਾਭਾ ਦੀ ਰਹਿਣ ਵਾਲੀ 52 ਸਾਲਾ ਮਹਿਲਾ ਸੰਗੀਤਾ ਅਗਰਵਾਲ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਸੰਗੀਤਾ ਅਗਰਵਾਲ ਆਪਣੇ ਪਤੀ ਰਾਜੇਸ਼ ਅਗਰਵਾਲ ਨਾਲ ਐਕਟਿਵਾ 'ਤੇ ਸਵਾਰ ਹੋ ਕੇ ਘਰ ਵੱਲ ਜਾ ਰਹੀ ਸੀ ਕਿ ਬੌੜਾ ਗੇਟ ਦੇ ਨਜ਼ਦੀਕ ਧੁੰਦ ਕਾਰਨ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ | ਹਾਦਸਾ ਇੰਨਾ ਭਿਆਨਕ ਸੀ ਕਿ ਸੰਗੀਤਾ ਅਗਰਵਾਲ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਰਾਜੇਸ਼ ਅਗਰਵਾਲ ਨੂੰ ਗੰਭੀਰ ਸੱਟਾਂ ਲੱਗੀਆਂ | ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕੀਤੀ | ਪੁਲਿਸ ਜਾਂਚ ਅਧਿਕਾਰੀ ਚਮਕੌਰ ਸਿੰਘ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਨੂੰ ਹਾਦਸੇ ਬਾਰੇ ਸੂਚਨਾ ਮਿਲੀ ਸੀ | ਪੁਲਿਸ ਵਲੋਂ ਮਿ੍ਤਕਾ ਦੀ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ ਅਤੇ ਅਣਪਛਾਤੇ ਵਾਹਨ ਦੀ ਭਾਲ ਕੀਤੀ ਜਾ ਰਹੀ ਹੈ | ਇਸ ਮੌਕੇ ਸ਼ਹਿਰ ਦੇ ਸਮਾਜ ਸੇਵੀ ਰਾਜੇਸ਼ ਢੀਂਗਰਾ ਅਤੇ ਐਡਵੋਕੇਟ ਜਸਪਾਲ ਜੁਨੇਜਾ ਨੇ ਕਿਹਾ ਕਿ ਨਾਭਾ ਦੀ ਬਾਈਪਾਸ ਸੜਕ ਨੂੰ ਲੋਕ ਪਹਿਲਾਂ ਤੋਂ ਹੀ ''ਖ਼ੂਨੀ ਸੜਕ'' ਦੇ ਨਾਂ ਨਾਲ ਜਾਣਦੇ ਹਨ | ਉਨ੍ਹਾਂ ਦੱਸਿਆ ਕਿ ਇਸ ਸੜਕ 'ਤੇ ਸਫ਼ੈਦ ਪੱਟੀਆਂ ਦੀ ਘਾਟ, ਤੇਜ਼ ਰਫ਼ਤਾਰ ਅਤੇ ਟ੍ਰੈਫਿਕ ਕੰਟਰੋਲ ਦੀ ਕਮੀ ਕਾਰਨ ਅਨੇਕਾਂ ਜਾਨਾਂ ਜਾ ਚੁੱਕੀਆਂ ਹਨ | ਧੁੰਦ ਦੇ ਸਮੇਂ ਸੜਕ ਅਤੇ ਆਲੇ-ਦੁਆਲੇ ਦੇ ਖੇਤ ਵੀ ਸਾਫ਼ ਦਿਖਾਈ ਨਹੀਂ ਦਿੰਦੇ, ਜਿਸ ਨਾਲ ਹਾਦਸਿਆਂ ਦਾ ਖ਼ਤਰਾ ਹੋਰ ਵੱਧ ਜਾਂਦਾ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਾਈਪਾਸ ਸੜਕ 'ਤੇ ਤੁਰੰਤ ਸੁਰੱਖਿਆ ਪ੍ਰਬੰਧ ਕੀਤੇ ਜਾਣ, ਸਫ਼ੈਦ ਪੱਟੀਆਂ ਲਗਾਈਆਂ ਜਾਣ ਅਤੇ ਟ੍ਰੈਫਿਕ ਦੀ ਰਫ਼ਤਾਰ 'ਤੇ ਨਿਯੰਤਰਨ ਲਾਇਆ ਜਾਵੇ, ਤਾਂ ਜੋ ਭਵਿੱਖ 'ਚ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ |