ਪਟਿਆਲਾ, 30 ਦਸੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਪਟਿਆਲਾ ਦੇ ਮੇਅਰ ਵਲੋਂ ਸ਼ਹਿਰ ਵਾਸੀਆਂ ਨੂੰ ਲਵਾਰਿਸ ਕੁੱਤਿਆਂ ਤੋਂ ਨਿਜਾਤ ਪਾਉਣ ਦੇ ਲਈ ਨਵੇਂ ਸਾਲ ਮੌਕੇ ਤੋਹਫ਼ਾ ਦੇਣ ਦੀ ਤਿਆਰੀ ਨੂੰ ਮੁੱਖ ਰੱਖਦਿਆਂ ਇਕ ਮੀਟਿੰਗ ਕੀਤੀ ਗਈ | ਸ਼ਹਿਰ 'ਚ ਲਵਾਰਿਸ ਕੁੱਤਿਆਂ ਦੀ ਵਧ ਰਹੀ ਸਮੱਸਿਆ ਨੂੰ ਲੈ ਕੇ ਮਹੱਤਵਪੂਰਨ ਕਦਮ ਚੁੱਕਦਿਆਂ ਨਗਰ ਨਿਗਮ ਪਟਿਆਲਾ ਵਲੋਂ ਘਲੋੜੀ ਗੇਟ ਮੜ੍ਹੀਆਂ ਦੇ ਕੋਲ ਪਈ ਸਰਕਾਰੀ ਕਾਰਪੋਰੇਸ਼ਨ ਦੀ ਜ਼ਮੀਨ 'ਤੇ ਡੌਗ ਸ਼ੈਲਟਰ ਹਾਊਸ ਬਣਾਉਣ ਦੀ ਤਿਆਰੀਆਂ ਸ਼ੁਰੂ ਹੋਣ ਜਾ ਰਹੀਆਂ ਹਨ | ਇਹ ਸ਼ੈਲਟਰ ਹਾਊਸ ਸ਼ਹਿਰ 'ਚ ਆਵਾਰਾ ਕੁੱਤਿਆਂ ਨੂੰ ਸੁਰੱਖਿਅਤ ਥਾਂ 'ਤੇ ਰੱਖਣ ਦੇ ਨਾਲ-ਨਾਲ, ਉਨ੍ਹਾਂ ਦੀ ਦੇਖਭਾਲ, ਟੀਕਾਕਰਣ ਅਤੇ ਖ਼ੁਰਾਕ ਦੀ ਜ਼ਿੰਮੇਵਾਰੀ ਨਿਗਮ ਵਲੋਂ ਸੁਚੱਜੇ ਢੰਗ ਨਾਲ ਨਿਭਾਈ ਜਾਵੇਗੀ | ਦੱਸਣਯੋਗ ਹੈ ਕਿ ਲਗਪਗ 50 ਲੱਖ ਤੋਂ 1 ਕਰੋੜ ਰੁਪਏ ਦੇ ਵਿਚਕਾਰ ਇਸ ਸ਼ੈਲਟਰ ਹਾਊਸ 'ਤੇ ਖ਼ਰਚ ਹੋਣ ਦੀ ਸੰਭਾਵਨਾ ਹੈ ਅਤੇ ਕੰਮ ਦੀ ਪ੍ਰਕਿਰਿਆ ਜਲਦੀ ਸ਼ੁਰੂ ਕੀਤੀ ਜਾਵੇਗੀ | ਇਹ ਸ਼ੈਲਟਰ ਹਾਊਸ ਬਣਨ ਨਾਲ ਸ਼ਹਿਰ 'ਚ ਆਵਾਰਾ ਕੁੱਤਿਆਂ ਦੀ ਘਣਤਾ ਨਿਯੰਤਰਿਤ ਹੋਵੇਗੀ, ਸੜਕਾਂ 'ਤੇ ਦੌੜਦੇ ਕੁੱਤਿਆਂ ਕਰਕੇ ਬਣਦਾ ਡਰ ਘਟੇਗਾ ਅਤੇ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਲਈ ਸੁਰੱਖਿਆ ਦਾ ਮਾਹੌਲ ਤਿਆਰ ਹੋਵੇਗਾ | ਮੇਅਰ ਵਲੋਂ ਦੱਸਿਆ ਗਿਆ ਕਿ ਇਸ ਦੇ ਨਾਲ ਹੀ ਨਵੇਂ ਸਾਲ ਦੇ ਮੌਕੇ ਜਿਹੜੀਆਂ ਸੜਕਾਂ ਦੇ ਕੰਮ ਚੱਲ ਰਹੇ ਹਨ ਉਨ੍ਹਾਂ ਸੜਕਾਂ ਦੇ ਕੰਮ ਤੇਜ਼ੀ ਨਾਲ ਖ਼ਤਮ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਜਿਹੜੀ ਸੜਕਾਂ ਦਾ ਪੈਚ ਵਰਕ ਹੋਣ ਵਾਲਾ ਹੈ ਉਨ੍ਹਾਂ ਨੂੰ ਵੀ ਤੇਜ਼ੀ ਨਾਲ ਖ਼ਤਮ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ | ਨਵੀਆਂ ਸੜਕਾਂ ਤੇ ਡੌਗ ਸ਼ੈਲਟਰ ਹਾਊਸ ਦੋਵੇਂ ਪ੍ਰੋਜੈਕਟ ਪਟਿਆਲਾ ਨੂੰ ਹੋਰ ਵਧੀਆ ਤੇ ਸੁਰੱਖਿਅਤ ਬਣਾਉਣ 'ਚ ਮਦਦਗਾਰ ਸਾਬਤ ਹੋਣਗੇ | ਇਸ ਮੌਕੇ ਕੌਂਸਲਰ ਜਸਬੀਰ ਗਾਂਧੀ, ਕੌਂਸਲਰ ਗੁਰਕਿਰਪਾਲ, ਭੁਪਿੰਦਰ ਸਿੰਘ, ਹਰਜੀਤ ਸਿੰਘ, ਬਲਾਕ ਇੰਚਾਰਜ ਚਰਨਜੀਤ ਸਿੰਘ ਕੌਂਸਲਰ ਅਤੇ ਬਲਾਕ ਇੰਚਾਰਜ ਦੀਪਕ ਮਿੱਤਲ ਵੀ ਹਾਜ਼ਰ ਰਹੇ |