ਘਨੌਰ, 30 ਦਸੰਬਰ (ਸਰਦਾਰਾ ਸਿੰਘ ਲਾਛੜੂ)-ਮਨਰੇਗਾ ਮਜ਼ਦੂਰ ਯੂਨੀਅਨ ਵਲੋਂ ਬੱਸ ਸਟੈਂਡ ਘਨੌਰ ਵਿਖੇ ਕੇਂਦਰ ਸਰਕਾਰ ਦੀਆਂ ਕਥਿਤ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਇਕ ਵਿਸ਼ਾਲ ਰੈਲੀ ਕੀਤੀ ਗਈ | ਇਸ ਤੋਂ ਬਾਅਦ ਮਜ਼ਦੂਰਾਂ ਨੇ ਬੀ.ਡੀ.ਪੀ.ਓ. ਦਫ਼ਤਰ ਤੱਕ ਰੋਸ ਮਾਰਚ ਕੱਢਿਆ ਅਤੇ ਦੇਸ਼ ਦੀ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ | ਰੈਲੀ ਨੂੰ ਸੰਬੋਧਨ ਕਰਦਿਆਂ ਸੀਟੂ ਪੰਜਾਬ ਦੇ ਸਕੱਤਰ ਕਾਮਰੇਡ ਗੁਰਨਾਮ ਸਿੰਘ ਘਨੌਰ ਨੇ ਮੰਗ ਕੀਤੀ ਕਿ ਮਨਰੇਗਾ ਕਾਨੂੰਨ ਦੀ ਮੂਲ ਭਾਵਨਾ ਨੂੰ ਬਹਾਲ ਕੀਤਾ ਜਾਵੇ | ਮਨਰੇਗਾ ਦਿਹਾੜੀ 700 ਰੁਪਏ ਕੀਤੀ ਜਾਵੇ ਅਤੇ ਸਾਲ ਵਿਚ ਘੱਟੋ-ਘੱਟ 200 ਦਿਨਾਂ ਦਾ ਕੰਮ ਯਕੀਨੀ ਬਣਾਇਆ ਜਾਵੇ | ਚਾਰ ਲੇਬਰ ਕੋਡ, ਬਿਜਲੀ ਬਿੱਲ ਅਤੇ ਸੀਡ ਬਿੱਲ 2025 ਨੂੰ ਤੁਰੰਤ ਰੱਦ ਕੀਤਾ ਜਾਵੇ | ਕੰਮ ਵਾਲੀ ਥਾਂ 'ਤੇ ਪੀਣ ਵਾਲਾ ਪਾਣੀ, ਛਾਂ ਅਤੇ ਫ਼ਰਸਟ ਏਡ ਦਿੱਤੀ ਜਾਵੇ | ਮਜ਼ਦੂਰਾਂ ਨੂੰ ਸੰਦ (ਕਹੀਆਂ, ਬੂਟ, ਦਸਤਾਨੇ ਆਦਿ) ਮੁਹੱਈਆ ਕਰਵਾਏ ਜਾਣ | ਮਨਰੇਗਾ ਵਿਚ ਮਸ਼ੀਨਰੀ ਅਤੇ ਠੇਕੇਦਾਰੀ ਪ੍ਰਥਾ ਬੰਦ ਹੋਵੇ ਅਤੇ ਹਾਜ਼ਰੀ ਪ੍ਰਣਾਲੀ ਪੁਰਾਣੀ ਤਰਜ਼ 'ਤੇ ਲਾਗੂ ਕੀਤੀ ਜਾਵੇ | ਮਨਰੇਗਾ ਯੋਜਨਾ ਨੂੰ ਸ਼ਹਿਰਾਂ ਵਿੱਚ ਵੀ ਲਾਗੂ ਕਰਨ ਦੀ ਮੰਗ ਕੀਤੀ ਗਈ | ਇਸ ਮੌਕੇ ਕਿਰਪਾਲ ਸਿੰਘ, ਦੇਵ ਸਿੰਘ ਫੌਜੀ, ਜਰਨੈਲ ਸਿੰਘ ਘਨੌਰ ਸਮੇਤ ਵੱਡੀ ਗਿਣਤੀ 'ਚ ਮਜ਼ਦੂਰ ਆਗੂ ਹਾਜ਼ਰ ਸਨ |