ਜੈਤੋ, 4 ਜੂਨ (ਗੁਰਮੀਤਪਾਲ ਰੋੜੀਕਪੂਰਾ)-ਫ਼ਰਦ ਕੇਂਦਰ ਤਹਿਸੀਲ ਜੈਤੋ ਵਿਖੇ ਕੰਮ ਕਰਦੇ ਕਰਮਚਾਰੀਆਂ ਦੇ ਕਲਮ ਛੋੜ ਹੜਤਾਲ 'ਤੇ ਜਾਣ ਕਾਰਨ ਲੋਕਾਂ ਨੂੰ ਫ਼ਰਦਾਂ ਹਾਸਿਲ ਕਰਨ 'ਚ ਖੱਜਲ-ਖੁਆਰ ਹੋਣਾ ਪੈ ਰਿਹਾ | ਸਬ-ਤਹਿਸੀਲ ਜੈਤੋ ਦੇ ਫ਼ਰਦ ਕੇਂਦਰ ਦੇ ਕਾਮੇ ਅਮਨਦੀਪ ਪਾਲ ਸ਼ਰਮਾ, ਰਾਮਪ੍ਰੀਤ ਸਿੰਘ, ਲਖਵਿੰਦਰ ਸਿੰਘ, ਜਸਪ੍ਰੀਤ ਸਿੰਘ ਅਤੇ ਅਨੀਤਾ ਰਾਣੀ ਨੇ ਨਾਇਬ ਤਹਿਸੀਲਦਾਰ ਜੈਤੋ ਸੁੱਖਵਿੰਦਰ ਸਿੰਘ ਨੂੰ ਮੰਗ ਪੱਤਰ ਸੌਂਪਦਿਆਂ ਦੱਸਿਆ ਕਿ ਪਿਛਲੇ ਲਗਪਗ 10-12 ਸਾਲਾਂ ਤੋਂ ਫ਼ਰਦ ਕੇਂਦਰ 'ਚ ਕੰਮ ਕਰਦੇ ਆ ਰਹੇ ਹਨ, ਪਰ ਸਰਕਾਰ ਵਲੋਂ ਸਹੂਲਤਾਂ ਦੇਣ ਦੀ ਥਾਂ ਪਿਛਲੇ ਦੋ ਮਹੀਨਿਆਂ ਦੀ ਤਨਖ਼ਾਹ ਵੀ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਘਰਾਂ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ ਤੇ ਅੱਜ ਮਜਬੂਰ ਹੋ ਕੇ ਸੂਬਾਈ ਜਥੇਬੰਦੀ ਦੇ ਸੱਦੇ 'ਤੇ ਕਲਮਛੋੜ ਹੜਤਾਲ 'ਤੇ ਜਾਣਾ ਪਿਆ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਪਿਛਲੇ ਲੰਮੇ ਸਮੇਂ ਤੋਂ ਫ਼ਰਦ ਕੇਂਦਰਾਂ 'ਚ ਕੰਮ ਕਰਦੇ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ ਤੇ ਪਿਛਲੇ ਦੋ ਮਹੀਨਿਆਂ ਦੀ ਤਨਖ਼ਾਹ ਤੁਰੰਤ ਜਾਰੀ ਕੀਤੀ ਜਾਵੇ |