ਭਲਕੇ ਡੀ.ਸੀ. ਦਫ਼ਤਰਾਂ ਅੱਗੇ ਸਰਕਾਰ ਦੇ ਪੁਤਲੇ ਫ਼ੂਕਣਗੇੇ ਐੱਨ.ਐੱਸ.ਕਿਊ.ਐੱਫ਼. ਅਧਿਆਪਕ
ਅਜੀਤ ਡੈਸਕ
04-09-2025
ਸ੍ਰੀ ਮੁਕਤਸਰ ਸਾਹਿਬ, 3 ਸਤੰਬਰ (ਰਣਜੀਤ ਸਿੰਘ ਢਿੱਲੋਂ)-ਐੱਨ.ਐੱਸ.ਕਿਊ.ਐੱਫ਼. ਵੋਕੇਸ਼ਨਲ ਟੀਚਰਜ਼ ਫ਼ਰੰਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਨੇ ਦੱਸਿਆ ਕਿ ਪਿਛਲੇ ਦਿਨਾਂ 'ਚ ਜਥੇਬੰਦੀ ਵਲੋਂ ਕੀਤੇ ਸੰਘਰਸ਼ ਨੂੰ ਪੰਜਾਬ ਸਰਕਾਰ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਅਤੇ ਵਿੱਤ ਮੰਤਰੀ ਦੇ ਕਹਿਣ 'ਤੇ ਅਧਿਆਪਕਾਂ ਉੱਤੇ ਜ਼ੋਰ ਜਬਰ ਕੀਤਾ, ਜੋ ਕਿ ਬਹੁਤ ਹੀ ਨਿੰਦਣਯੋਗ ਹੈ | ਉਨ੍ਹਾਂ ਕਿਹਾ ਕਿ ਐੱਨ.ਐੱਸ.ਕਿਊ.ਐੱਫ਼. ਅਧਿਆਪਕਾਂ ਨੂੰ ਬਿਨਾਂ ਕਿਸੇ ਸ਼ਰਤ ਵਿਭਾਗ 'ਚ ਮਰਜ਼ ਕਰਨ, ਬਰਾਬਰ ਕੰਮ,ਬਰਾਬਰ ਤਨਖ਼ਾਹ ਤੇ ਝੂਠੇ ਪਰਚੇ ਰੱਦ ਕਰਨ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਜਥੇਬੰਦੀ ਵਲੋਂ ਅਧਿਆਪਕ ਦਿਵਸ ਮੌਕੇ 5 ਸਤੰਬਰ ਨੂੰ ਸਰਕਾਰ ਖ਼ਿਲਾਫ਼ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਜ਼ਿਲ੍ਹਾ ਹੈੱਡ ਕੁਆਰਟਰਾਂ ਅੱਗੇ ਪੰਜਾਬ ਸਰਕਾਰ ਦੇ ਪੁਤਲੇ ਫ਼ੂਕੇ ਜਾਣਗੇ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਫ਼ਿਰ ਵੀ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ 13 ਸਤੰਬਰ ਨੂੰ ਸਮੂਹ ਭਰਾਤਰੀ ਤੇ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਮੁੱਖ ਮੰਤਰੀ ਦੀ ਸੰਗਰੂਰ ਸਥਿਤ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ | ਇਸ ਦੌਰਾਨ ਜਗਜੀਤ ਸਿੰਘ, ਕੁਲਵਿੰਦਰ ਸਿੰਘ, ਜਸਦੀਪ ਕੌਰ, ਮਨਜੀਤ ਕੌਰ, ਕੰਵਰਪਾਲ ਸਿੰਘ, ਦਲਵਿੰਦਰ ਸਿੰਘ, ਮਨਵੀਰ ਸਿੰਘ ਸੰਧੂ, ਰੁਪਿੰਦਰ ਕੌਰ, ਰਜਨੀ ਵਰਮਾ, ਗੁਰਵਿੰਦਰ ਕੌਰ, ਸੰਦੀਪ ਕੌਰ, ਗਗਨ ਸ਼ਰਮਾ, ਪਰਵਿੰਦਰ ਕੌਰ, ਸ਼ਬਨਮ, ਰਾਜਵੀਰ ਕੌਰ, ਰਮਿੰਦਰ ਕੌਰ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ |