ਰੁਪਾਣਾ, 3 ਸਤੰਬਰ (ਜਗਜੀਤ ਸਿੰਘ)-ਮੋਟਰਸਾਈਕਲ ਤੇ ਬੇਸਹਾਰਾ ਪਸ਼ੂ ਦੀ ਟੱਕਰ 'ਚ ਦੋ ਮੋਟਰਸਾਈਕਲ ਸਵਾਰਾਂ 'ਚੋਂ ਇਕ ਦੀ ਮੌਤ ਤੇ ਇਕ ਗੰਭੀਰ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਗੁਰਬਚਨ ਸਿੰਘ (ਕਾਕਾ) ਪੁੱਤਰ ਸੱਜਣ ਸਿੰਘ ਅਤੇ ਬੁੱਧ ਸਿੰਘ ਪੁੱਤਰ ਸੁੰਦਰ ਸਿੰਘ ਵਾਸੀ ਰੁਪਾਣਾ ਜੋ ਕਿ ਚਿੱਬੜ ਵੇਚਣ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਸਨ | ਬੀਤੀ ਰਾਤ ਤਕਰੀਬਨ 8 ਵਜੇ ਰਾਜਸਥਾਨ ਤੋਂ ਚਿੱਬੜ ਲਿਆ ਕੇ ਆਪਣੇ ਮੋਟਰਸਾਈਕਲ 'ਤੇ ਵਾਪਸ ਆਪਣੇ ਘਰ ਵੱਲ ਆ ਰਹੇ ਸਨ | ਜਦ ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਰੋਡ ਉੱਪਰ ਸਥਿਤ ਪਿੰਡ ਚੱਕ ਦੂਹੇਵਾਲਾ ਦੇ ਨਜ਼ਦੀਕ ਪਹੁੰਚੇ, ਤਾਂ ਅਚਾਨਕ ਅੱਗੇ ਆਵਾਰਾ ਪਸ਼ੂ ਦੇ ਆਉਣ ਨਾਲ ਉਸ ਨਾਲ ਮੋਟਰਸਾਈਕਲ ਦੀ ਟੱਕਰ ਹੋ ਗਈ | ਦੋਵੇਂ ਮੋਟਰਸਾਈਕਲ ਸਵਾਰ ਸੜਕ 'ਤੇ ਡਿੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਏ | ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ, ਪਰ ਜ਼ਖ਼ਮਾਂ ਦੀ ਤਾਬ ਨੂੰ ਨਾ ਸਹਾਰਦਿਆਂ ਗੁਰਬਚਨ ਸਿੰਘ ਦੀ ਰਸਤੇ ਵਿਚ ਮੌਤ ਹੋ ਗਈ | ਚੌਂਕੀ ਰੁਪਾਣਾ ਦੀ ਪੁਲਿਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਅਗਲੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ |