ਮੈਨੂੰ ਸਾਜਿਸ਼ ਦਾ ਸ਼ਿਕਾਰ ਬਣਾਇਆ ਗਿਆ, ਉੱਚ ਪੱਧਰੀ ਹੋਵੇ ਜਾਂਚ: ਗੁਰਪ੍ਰੀਤ ਸਿੰਘ
ਅਜੀਤ ਡੈਸਕ
24-09-2025
ਉਨ੍ਹਾਂ ਕਿਹਾ ਕਿ ਮੈਨੂੰ ਡਿਊਟੀ ਤੋਂ ਫ਼ਾਰਗ ਕਰ ਦਿੱਤਾ ਗਿਆ ਅਤੇ ਮੇਰੀ ਨੌਕਰੀ ਹੀ ਮੇਰੇ ਪਰਿਵਾਰ ਦਾ ਸਹਾਰਾ ਸੀ | ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਾਈਵੇਟ ਬੱਸ ਕੰਪਨੀਆਂ ਮੇਰੇ 'ਤੇ ਖਾਰ ਖਾਂਦੀਆਂ ਸਨ, ਕਿਉਂਕਿ ਮੈਂ ਹਮੇਸ਼ਾ ਆਪਣੇ ਅਦਾਰੇ ਲਈ ਡੱਟ ਕੇ ਕੰਮ ਕਰਦਾ ਸੀ | ਉਨ੍ਹਾਂ ਦੋਸ਼ ਲਗਾਇਆ ਕਿ ਮੈਨੂੰ ਸਾਜ਼ਿਸ਼ ਦਾ ਸ਼ਿਕਾਰ ਬਣਾਇਆ ਗਿਆ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਇਸ ਮਾਮਲੇ ਵਿਚ ਕਿਸੇ ਸੇਵਾ ਮੁਕਤ ਜੱਜ ਤੋਂ ਉੱਚ ਪੱਧਰੀ ਜਾਂਚ ਕਰਵਾਈ ਜਾਵੇ, ਇੱਥੋਂ ਤੱਕ ਕਿ ਮੇਰੇ ਖ਼ਿਲਾਫ਼ ਸੀ.ਬੀ.ਆਈ. ਤੋਂ ਵੀ ਜਾਂਚ ਕਰਵਾਈ ਜਾ ਸਕਦੀ ਹੈ | ਮੈਨੂੰ ਇਸ ਮਾਮਲੇ ਵਿਚ ਇਨਸਾਫ ਦਿਵਾਇਆ ਜਾਵੇ | ਦੂਜੇ ਪਾਸੇ ਜਦੋਂ ਇਸ ਸਬੰਧੀ ਪੰਜਾਬ ਰੋਡਵੇਜ਼ ਸ੍ਰੀ ਮੁਕਤਸਰ ਸਾਹਿਬ ਡੀਪੂ ਦੇ ਜਨਰਲ ਮੈਨੇਜਰ ਜਸਵਿੰਦਰ ਸਿੰਘ ਚਾਹਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਪਿਛਲੇ ਮਹੀਨੇ ਹੀ ਸ੍ਰੀ ਮੁਕਤਸਰ ਸਾਹਿਬ ਡੀਪੂ ਵਿਖੇ ਤਬਦੀਲ ਹੋ ਕੇ ਆਏ ਹਨ, ਇਹ ਸ਼ਿਕਾਇਤ ਮੇਰੇ ਤੋਂ ਪਹਿਲਾਂ ਦੀ ਹੈ ਅਤੇ ਪੰਜਾਬ ਸਰਕਾਰ ਨੂੰ ਸ਼ਿਕਾਇਤ ਮਿਲਣ ਮਗਰੋਂ ਟਰਾਂਸਪੋਰਟ ਡਾਇਰੈਕਟਰ ਦਫ਼ਤਰ ਤੋਂ ਜਾਂਚ ਲਈ ਡੀਪੂ ਵਿਚ ਆਈ ਸੀ | ਇਸ ਦੀ ਜਾਂਚ ਸੈਕਸ਼ਨ ਅਫਸਰ ਤੋਂ ਕਰਵਾਈ ਗਈ ਅਤੇ ਉਨ੍ਹਾਂ ਜਾਂਚ ਮੁਕੰਮਲ ਕਰਕੇ ਰਿਪੋਰਟ ਮੈਨੂੰ ਸੌਂਪ ਦਿੱਤੀ ਅਤੇ ਮੈਂ ਸੀਲਬੰਦ ਲਿਫ਼ਾਫ਼ਾ ਡਾਇਰੈਕਟਰ ਦਫ਼ਤਰ ਭੇਜ ਦਿੱਤਾ ਅਤੇ ਗੁਰਪ੍ਰੀਤ ਸਿੰਘ ਨੂੰ ਡਿਊਟੀ ਤੋਂ ਫ਼ਾਰਗ ਕਰਨ ਦਾ ਫੈਸਲਾ ਟਰਾਂਸਪੋਰਟ ਵਿਭਾਗ ਦੇ ਡਾਇਰੈਕਟਰ ਵਲੋਂ ਜਾਂਚ ਰਿਪੋਰਟ ਪਹੁੰਚਣ 'ਤੇ ਲਿਆ ਗਿਆ ਹੈ | ਇਸ ਮੌਕੇ ਯੂਨੀਅਨ ਦੇ ਡੀਪੂ ਪ੍ਰਧਾਨ ਜਗਸੀਰ ਸਿੰਘ ਮਾਣਕ ਅਤੇ ਪੰਜਾਬ ਰੋਡਵੇਜ਼ ਪਨਬੱਸ ਸਟੇਟ ਵਰਕਰਜ਼ ਯੂਨੀਅਨ ਦੇ ਡੀਪੂ ਪ੍ਰਧਾਨ ਚਰਨਜੀਤ ਸਿੰਘ ਚੰਨਾ ਨੇ ਕਿਹਾ ਕਿ ਕੰਡਕਟਰ ਗੁਰਪ੍ਰੀਤ ਸਿੰਘ ਨਾਲ ਬਹੁਤ ਬੇਇਨਸਾਫੀ ਹੋਈ, ਜੇਕਰ ਇਸ ਨੂੰ ਇਨਸਾਫ ਨਾ ਮਿਲਿਆ ਤਾਂ ਦੋਵੇਂ ਯੂਨੀਅਨ ਸੱਚ ਦਾ ਸਾਥ ਦਿੰਦੀਆਂ ਹੋਈਆਂ ਗੁਰਪ੍ਰੀਤ ਸਿੰਘ ਦੇ ਹੱਕ ਵਿਚ ਕੋਈ ਵੀ ਸੰਘਰਸ਼ ਦਾ ਫੈਸਲਾ ਲੈ ਸਕਦੀਆਂ ਹਨ | ਇਸ ਮੌਕੇ ਮਨਜੀਤ ਸਿੰਘ, ਜਤਿੰਦਰ ਸਿੰਘ, ਗੁਰਵਿੰਦਰ ਸਿੰਘ, ਸੁਰਿੰਦਰ ਪਾਲ, ਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਚਰਨਜੀਤ ਸਿੰਘ, ਗੁਰਬਿੰਦਰ ਸਿੰਘ ਆਦਿ ਹਾਜ਼ਰ ਸਨ |