20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਹਲਕਾ ਜੈਤੋ 'ਚ ਕਾਂਗਰਸੀ ਧੜੇਬੰਦੀ ਨੂੰ ਲੈ ਕੇ ਪਾਰਟੀ ਹਾਈਕਮਾਨ ਤੇ ਲੀਡਰਸ਼ਿਪ ਫ਼ਿਕਰਮੰਦ ਨਹੀਂ

Ad Position 21
No active advertisement
ਅਜੀਤ ਡੈਸਕ 25-09-2025
ਜੈਤੋ, 24 ਸਤੰਬਰ (ਗੁਰਮੀਤਪਾਲ ਰੋੜੀਕਪੂਰਾ)-ਵਿਧਾਨ ਸਭਾ ਹਲਕਾ ਜੈਤੋ 'ਚ ਕਾਂਗਰਸੀ ਲੀਡਰਾਂ 'ਚ ਆਪਸੀ ਧੜੇਬੰਦੀ ਨੂੰ ਲੈ ਕੇ ਹਾਈਕਮਾਨ ਅਤੇ ਉੱਚ ਲੀਡਰਸ਼ਿਪ ਬਹੁਤੀ ਫ਼ਿਕਰਮੰਦ ਦਿਖਾਈ ਨਹੀਂ ਦੇ ਰਹੀ ਹੈ ਕਿਉਂਕਿ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਆਪੋ-ਆਪਣੇ ਹਲਕਿਆਂ 'ਚ ਜੋੜ-ਤੋੜ ਨੀਤੀ ਨੂੰ ਲਾਗੂ ਕਰਦਿਆਂ ਜ਼ੋਰ ਅਜ਼ਮਾਈ ਕੀਤੀ ਜਾ ਰਹੀ ਹੈ | ਵਿਧਾਨ ਸਭਾ ਹਲਕਾ ਜੈਤੋ 'ਚ ਜਿੱਥੇ ਵੱਖ-ਵੱਖ ਧੜਿਆਂ ਦੇ ਆਗੂਆਂ ਵਲੋਂ ਆਪਣੀਆਂ ਦਾਅਵੇਦਾਰੀਆਂ ਨੂੰ ਮਜ਼ਬੂਤ ਕਰਨ ਲਈ ਪਾਰਟੀ ਵਰਕਰਾਂ ਨੂੰ ਗੁੱਟਬੰਦੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ, ਉੱਥੇ ਵਰਕਰ ਵੀ ਭੰਬਲਭੂਸੇ 'ਚ ਪਏ ਹੋਏ ਹਨ | ਲੀਡਰਾਂ ਦੀ ਆਪਸੀ ਧੜੇਬੰਦੀ ਦੇ ਚੱਲਦਿਆਂ ਵਰਕਰਾਂ ਦੀ ਵਫ਼ਾਦਾਰੀ ਸ਼ੱਕ ਦੇ ਘੇਰ 'ਚ ਆ ਕੇ ਖੜ੍ਹਦੀ ਹੈ | ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਜਿੱਥੇ ਬੀਬੀ ਅਮਰਜੀਤ ਕੌਰ ਸਾਹੋਕੇ ਨੂੰ ਧੜੇਬੰਦੀ ਦੀ ਮਾਰ ਝੱਲਣੀ ਪਈ ਉੱਥੇ ਵਿਧਾਨ ਸਭਾ ਚੋਣਾਂ 'ਚ ਦਰਸ਼ਨ ਸਿੰਘ ਢਿੱਲਵਾਂ ਨੂੰ ਵੀ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ | ਆਉਣ ਵਾਲੇ ਦਿਨਾਂ 'ਚ ਪਾਰਟੀ ਹਾਈਕਮਾਨ ਤੇ ਉੱਚ ਲੀਡਰਸ਼ਿਪ ਨੂੰ ਮੁਹੰਮਦ ਸਦੀਕ, ਦਰਸ਼ਨ ਸਿੰਘ ਢਿੱਲਵਾਂ ਅਤੇ ਪ੍ਰਕਾਸ਼ ਸਿੰਘ ਭੱਟੀ 'ਚ ਆਪਸੀ ਸਹਿਮਤੀ ਬਣਾਉਣੀ ਔਖੀ ਹੋ ਜਾਵੇਗੀ ਕਿਉਂਕਿ ਜਿੱਥੇ ਲਗਾਤਾਰ ਲੋਕਾਂ 'ਚ ਵਿਚਰ ਰਹੇ ਸਾਬਕਾ ਮੈਂਬਰ ਪਾਰਟੀਮੈਂਟ ਮੁਹੰਮਦ ਸਦੀਕ ਦੇ ਧੜੇ ਨੂੰ ਨਜ਼ਰ ਅੰਦਾਜ਼ ਕਰਨਾ ਪਾਰਟੀ ਲਈ ਵੱਡਾ ਜ਼ੋਖ਼ਮ ਬਣ ਸਕਦਾ ਹੈ | ਉੱਥੇ 2022 ਤੋਂ ਬਆਦ ਦਰਸ਼ਨ ਸਿੰਘ ਢਿੱਲਵਾਂ ਵਲੋਂ ਪਾਰਟੀ ਲਈ ਕੀਤੀ ਜਾ ਰਹੀ ਮਿਹਨਤ ਨੂੰ ਅੱਖੋਂ ਪਰੋਖੇ ਕਰਨਾ ਵਰਕਰਾਂ ਅਤੇ ਪਾਰਟੀ ਲਈ ਨੁਕਸਾਨਦੇਹ ਹੋ ਸਕਦਾ ਹੈ | ਹਲਕੇ 'ਚ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਦੀਆਂ ਲਗਾਤਾਰ ਵੱਧ ਰਹੀਆਂ ਫ਼ੇਰੀਆਂ ਨਾਲ ਤੀਸਰਾ ਧੜਾ ਉਭਰ ਕੇ ਸਾਹਮਣੇ ਆ ਰਿਹਾ ਹੈ | ਜਿਸ ਨਾਲ ਕਾਂਗਰਸੀ ਵਰਕਰ ਵੀ ਕਸੂਤੀ ਸਥਿਤੀ 'ਚ ਘਿਰਦੇ ਨਜ਼ਰ ਆ ਰਹੇ ਹਨ | ਜਿਸ ਦਾ ਕਾਂਗਰਸ ਪਾਰਟੀ ਨੇ ਸਮੇਂ ਸਮੇਂ ਸਿਰ ਬਹੁਤ ਵੱਡਾ ਨੁਕਸਾਨ ਝੱਲਿਆ ਹੈ | ਹਲਕਾ ਜੈਤੋ ਦੇ ਟਕਸਾਲੀ ਵਰਕਰ ਕਿਤੇ ਨਾ ਕਿਤੇ ਕਾਂਗਰਸ ਦੀ ਉੱਚ ਲੀਡਰਸ਼ਿਪ ਨੂੰ ਅਕਸਰ ਹੀ ਕੋਸਦੇ ਹਨ ਕਿ ਇਨ੍ਹਾਂ ਧੜੇਬੰਦੀਆਂ ਕਾਰਨ ਜਿੱਥੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਹਾਰ ਝੱਲਣੀ ਪੈਂਦੀ ਹੈ | ਉੱਥੇ ਧੜੇਬੰਦੀ ਕਾਰਨ ਵਰਕਰਾਂ ਨੂੰ ਚੋਣਾਂ ਦੌਰਾਨ ਘਰੇ ਬੈਠਣ ਲਈ ਮਜਬੂਰ ਹੋਣਾ ਪੈਂਦਾ ਹੈ | ਇੰਡੀਅਨ ਨੈਸ਼ਨਲ ਕਾਂਗਰਸ ਵਲੋਂ ਪਾਰਟੀ ਦੀ ਮਜ਼ਬੂਤੀ ਲਈ ਸ਼ੁਰੂ ਕੀਤਾ ਗਿਆ ਸੰਗਠਨ ਸਿਰਜਣ ਅਭਿਆਨ ਦੌਰਾਨ ਵੱਖ-ਵੱਖ ਧੜਿਆਂ ਵਲੋਂ ਮੈਦਾਨ 'ਚ ਉਤਾਰੇ ਜ਼ਿਲ੍ਹਾ ਪ੍ਰਧਾਨ ਦੇ ਉਮੀਦਵਾਰਾਂ ਤੋਂ ਧੜੇਬੰਦੀਆਂ ਜੱਗ ਜ਼ਾਹਿਰ ਚੁੱਕੀਆਂ ਹਨ | ਇਸ ਗੱਲ ਦੀ ਵੀ ਚਰਚਾ ਹੈ ਕਿ ਧੜੇਬੰਦ ਲੀਡਰਾਂ ਵਲੋਂ ਵਿਰੋਧੀ ਧੜੇ ਦੇ ਉਮੀਦਵਾਰਾਂ ਦੇ ਚਿੱਠੇ ਪਾਰਟੀ ਹਾਈਕਮਾਂਡ ਕੋਲ ਭੇਜ ਦਿੱਤੇ ਗਏ ਹਨ | ਜਿਸ ਨੂੰ ਪਾਰਟੀ ਹਾਈ ਕਮਾਂਡ ਅਤੇ ਉੱਚ ਲੀਡਰਸ਼ਿਪ ਵਲੋਂ ਹਲਕੇ 'ਚ ਲਿਆ ਜਾ ਰਿਹਾ ਹੈ ਜੋ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ 3 ਮੈਂਬਰ ਤੇਜ਼ਧਾਰ ਹਥਿਆਰਾਂ ਸਮੇਤ ਕਾਬੂ ਅਗਲੀ ਖ਼ਬਰ 2027 'ਚ ਵਿਧਾਨ ਸਭਾ ਚੋਣਾਂ ਪੰਜਾਬ ਅਤੇ ਦੇਸ਼ ਲਈ ਅਹਿਮ-ਨਦੀਮ ਜਾਵੇਦ
Ad Position 24