ਫ਼ਰੀਦਕੋਟ, 24 ਸਤੰਬਰ (ਜਸਵੰਤ ਸਿੰਘ ਪੁਰਬਾ)-ਕੁਲ ਹਿੰਦ ਕਾਂਗਰਸ ਦੇ ਸਾਬਕਾ ਸਕੱਤਰ ਅਤੇ ਸਾਬਕਾ ਵਿਧਾਇਕ ਜਨਾਮ ਨਦੀਮ ਜਾਵੇਦ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਲ 2027 ਵਿਚ ਪੰਜਾਬ ਅੰਦਰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਪੰਜਾਬ ਅਤੇ ਦੇਸ਼ ਲਈ ਅਹਿਮ ਹਨ | ਇਸੇ ਕਰਕੇ ਕਾਂਗਰਸ ਪਾਰਟੀ ਰਾਜ ਅੰਦਰ ਆਪਣਾ ਸੰਗਠਨ ਮਜ਼ਬੂਤ ਕਰਨ ਲਈ ਹੁਣ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ | ਉਨ੍ਹਾਂ ਨਾਲ ਟੀਮ ਮੈਂਬਰ ਵਜੋਂ ਸਾਬਕਾ ਵਿਧਾਇਕ ਡਾ. ਨਵਤੇਜ ਸਿੰਘ ਚੀਮਾ ਸੁਲਤਾਨਪੁਰ ਲੋਧੀ ਅਤੇ ਸਾਬਕਾ ਚੇਅਰਮੈਨ ਕੇ.ਕੇ. ਅਗਰਵਾਲ ਬਠਿੰਡਾ ਸ਼ਾਮਿਲ ਸਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇਖ ਲਈ ਹੈ ਅਤੇ ਭਾਜਪਾ ਦੀਆਂ ਨੀਤੀਆਂ ਤੋਂ ਖ਼ਿਲਾਫ਼ ਹਨ | ਨਦੀਮ ਜਾਵੇਦ ਨੇ ਦੱਸਿਆ ਕਿ ਇਕ ਨਿਗਰਾਨ ਦੇ ਤੌਰ 'ਤੇ ਇਸ ਜ਼ਿਲ੍ਹੇ ਵਿਚ ਆਏ ਹਨ ਅਤੇ ਪਿਛਲੇ ਇਕ ਹਫ਼ਤੇ ਤੋਂ ਵੱਖ ਵੱਖ ਆਗੂਆਂ ਨਾਲ ਗੱਲਬਾਤ ਕਰ ਰਹੇ ਹਨ ਤਾਂ ਜੋ ਜ਼ਿਲ੍ਹਾ ਪ੍ਰਧਾਨ ਲਈ ਯੋਗ ਨਾਂਅ ਸਾਹਮਣੇ ਆ ਸਕੇ | ਉਨ੍ਹਾਂ ਕਿਹਾ ਕਿ ਇੱਥੇ ਆ ਕੇ ਖ਼ੁਸ਼ੀ ਹੋਈ ਹੈ ਕਿ ਇਕ ਦਰਜ਼ਨ ਦੇ ਕਰੀਬ ਆਗੂ ਇਸ ਅਹੁਦੇ ਲਈ ਪੇਸ਼ਕਸ਼ ਕਰ ਚੁੱਕੇ ਹਨ | ਉਨ੍ਹਾਂ ਸਪਸ਼ਟ ਕੀਤਾ ਕਿ ਕਾਂਗਰਸ ਪਾਰਟੀ ਦੇ ਨਿਯਮਾਂ ਅਨੁਸਾਰ ਉਨ੍ਹਾਂ ਵਲੋਂ ਛੇ ਉਮੀਦਵਾਰਾਂ ਦੀ ਸੂਚੀ ਤਿਆਰ ਕੀਤੀ ਜਾਵੇਗੀ ਜਿਸ ਵਿਚ ਜਨਰਲ, ਹਿੰਦੂ, ਪਿਛੜੀਆਂ ਸ਼ੇ੍ਰਣੀਆਂ, ਅਨੁਸੂਚਿਤ ਜਾਤੀਆਂ, ਮਹਿਲਾਵਾਂ ਅਤੇ ਜੱਟ ਸਿੱਖ ਦੇ ਉਮੀਦਵਾਰਾਂ ਦੀ ਸੂਚੀ ਹਾਈਕਮਾਡ ਨੂੰ ਭੇਜੀ ਜਾਵੇਗੀ | ਉਨ੍ਹਾਂ ਦੱਸਿਆ ਕਿ ਪੰਜਾਬ ਅੰਦਰ ਨਵੇਂ ਸੰਗਠਨ ਦੀ ਇਹ ਪ੍ਰੀਕ੍ਰਿਆ 30 ਸਤੰਬਰ ਤੱਕ ਜਾਰੀ ਰਹੇਗੀ | 5 ਅਕਤੂਬਰ ਨੂੰ ਉਹ ਆਪਣੀ ਰਿਪੋਰਟ ਕੁਲ ਹਿੰਦ ਕਾਂਗਰਸ ਦੇ ਜਨਰਲ ਸਕੱਤਰ ਏ.ਵੈਣੂ ਗੋਪਾਲ ਨੂੰ ਸੌਂਪਣਗੇ | ਇਸ ਮੌਕੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ, ਐਡਵੋਕੇਟ ਗੁਰਸਾਹਿਬ ਸਿੰਘ ਬਰਾੜ, ਹਰਜੀਤ ਸਿੰਘ ਬਰਾੜ, ਬਲਜੀਤ ਸਿੰਘ ਗੋਰਾ, ਗੁਰਤੇਜ ਸਿੰਘ ਤੇਜਾ, ਦਵਿੰਦਰ ਸਿੰਘ, ਗੁਰਭਜਨ ਸਿੰਘ ਬਰਾੜ, ਗੁਰਸ਼ਵਿੰਦਰ ਸਿੰਘ, ਅਮਿਤ ਜੁਗਨੂੰ, ਡਾ. ਜੰਗੀਰ ਸਿੰਘ, ਡਬਲਜੀਤ ਸਿੰਘ ਧੌਂਸੀ, ਰਵੀ ਸੇਠੀ ਆਦਿ ਹਾਜ਼ਰ ਸਨ |