ਮੋਗਾ, 22 ਨਵੰਬਰ (ਸੁਰਿੰਦਰਪਾਲ ਸਿੰਘ)-ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈ ਇਲਾਕੇ ਦੀ ਇਕ ਅਜਿਹੀ ਮਾਣਮੱਤੀ ਸੰਸਥਾ ਹੈ, ਜਿਸ ਵਿਚ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਦੀ ਬੌਧਿਕਤਾ ਨੂੰ ਤਰਾਸ਼ਣ ਲਈ ਵੀ ਅਥਾਹ ਯਤਨ ਕੀਤੇ ਜਾਂਦੇ ਹਨ | ਇਸ ਮਕਸਦ ਲਈ ਇਸ ਸੰਸਥਾ ਵਲੋਂ ਸਕੂਲ ਦੇ ਅਧਿਆਪਕਾਂ ਲਈ ਇਕ ਵਿਸ਼ੇਸ਼ ਸੈਮੀਨਾਰ ਲਗਾਇਆ ਗਿਆ | ਇਸ ਸੈਮੀਨਾਰ ਦੇ ਮੁੱਖ ਸਰੋਤ ਡਾ. ਸੰਦੀਪ ਕੁਮਾਰ ਅਤੇ ਪਰਮਜੀਤ ਕੌਰ ਹੁੰਜਨ ਨੇ ਆਪਣਾ-ਆਪਣਾ ਲੰਮਾ ਤਜਰਬਾ ਸਾਂਝਾ ਕੀਤਾ | ਸੈਮੀਨਾਰ ਵਿਚ ਮੈਂਟਲ ਹੈਲਥ ਨੂੰ ਮੁੱਖ ਰੱਖ ਕੇ ਇਕਾਗਰਤਾ, ਕੇਅਰ ਮਾਡਲ, ਬਾਲਗ ਸਤ੍ਹਾ ਆਦਿ ਵਿਸ਼ਿਆਂ ਉੱਤੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਇਨ੍ਹਾਂ ਦੀ ਮਹੱਤਤਾ ਤੋਂ ਵੀ ਜਾਣੂੰ ਕਰਵਾਇਆ | ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜਿੰਨਾ ਚਿਰ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਆਪਣੇ ਵਿਸ਼ੇ ਉੱਪਰ ਇਕਾਗਰਤਾ ਨਹੀਂ ਬਣਦੀ, ਓਨਾ ਚਿਰ ਜਮਾਤ ਦੇ ਕਮਰੇ ਦਾ ਮਾਹੌਲ ਸੁਖਾਵਾਂ ਨਹੀਂ ਹੋ ਸਕਦਾ | ਅੰਤ ਵਿਚ ਸਕੂਲ ਦੇ ਪਿ੍ੰਸੀਪਲ ਰੂਪ ਲਾਲ ਬਾਂਸਲ ਨੇ ਅਧਿਆਪਕ ਸਾਹਿਬਾਨਾਂ ਨੂੰ ਸੰਬੋਧਨ ਹੁੰਦੇ ਹੋਏ ਸੈਮੀਨਾਰ ਦੀਆਂ ਵਿਸ਼ੇਸ਼ਤਾਵਾਂ 'ਤੇ ਚਾਨਣਾ ਪਾਇਆ ਤੇ ਅੱਜ ਦੇ ਸੈਮੀਨਾਰ ਦੇ ਮੁੱਖ ਸਰੋਤਾਂ ਦਾ ਧੰਨਵਾਦ ਕੀਤਾ | ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ, ਹਰਗੁਰਪ੍ਰੀਤ ਸਿੰਘ ਗਗਨ ਬਰਾੜ ਚੇਅਰਮੈਨ, ਗੁਰਮੀਤ ਸਿੰਘ ਗਿੱਲ ਪ੍ਰਧਾਨ, ਪਰਮਪਾਲ ਸਿੰਘ ਸ਼ੈਰੀ ਢਿੱਲੋਂ ਵਾਈਸ ਚੇਅਰਮੈਨ, ਗੁਰਮੀਤ ਸਿੰਘ ਸਰਪੰਚ ਵਿੱਤ ਸਕੱਤਰ ਅਤੇ ਸਾਰੇ ਕੋਆਰਡੀਨੇਟਰ ਵੀ ਮੌਜੂਦ ਸਨ |