ਧਰਮਕੋਟ, 22 ਨਵੰਬਰ (ਪਰਮਜੀਤ ਸਿੰਘ)-ਫ਼ਤਿਹਗੜ੍ਹ ਕੋਰੋਟਾਣਾ ਵਿਚ ਸਥਿਤ ਐਸ.ਐਫ.ਸੀ. ਪਬਲਿਕ ਸਕੂਲ ਵਿਚ ਅੱਜ ਸਾਲਾਨਾ ਖੇਡ ਮਹੋਤਸਵ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਤੀਜੀ ਤੋਂ ਬਾਰ੍ਹਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਵੱਡੇ ਉਤਸ਼ਾਹ ਨਾਲ ਹਿੱਸਾ ਲਿਆ | ਰੀਲੇ ਰੇਸ, ਕੁੱਕੜ ਦੌੜ, ਬੈਗ ਰੇਸ, ਰੱਸਾਕਸ਼ੀ ਅਤੇ ਹੋਰ ਮੁਕਾਬਲਿਆਂ ਨੇ ਮੈਦਾਨ ਨੂੰ ਜੋਸ਼ ਨਾਲ ਭਰ ਦਿੱਤਾ | ਖੇਡਾਂ ਦੀ ਸ਼ੁਰੂਆਤ ਮੁੱਖ ਮਹਿਮਾਨ ਮੂਤੀ ਸਰੋਜ ਵਲੋਂ ਕੀਤੀ ਗਈ | ਇਸ ਮੌਕੇ ਸੀ.ਈ.ਓ. ਅਭਿਸ਼ੇਕ ਜਿੰਦਲ ਅਤੇ ਸਕੂਲ ਪਿ੍ੰਸੀਪਲ ਸ਼ੀਨਮ ਜਿੰਦਲ ਨੇ ਵਿਦਿਆਰਥੀਆਂ ਦਾ ਹੌਸਲਾ ਵਧਾਇਆ | ਸ੍ਰੀ ਜਿੰਦਲ ਵਲੋਂ ਜੇਤੂ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ, ਜਦੋਂ ਕਿ ਸਭ ਤੋਂ ਵਧੀਆ ਪ੍ਰਦਰਸ਼ਨ ਲਈ ਰੈੱਡ ਹਾਊਸ ਨੇ ਓਵਰਆਲ ਟਰਾਫ਼ੀ ਆਪਣੇ ਨਾਮ ਕੀਤੀ | ਇਸ ਮੌਕੇ ਸੀ.ਈ.ਓ. ਅਭਿਸ਼ੇਕ ਜਿੰਦਲ ਤੇ ਪਿ੍ੰਸੀਪਲ ਸ਼ੀਨਮ ਜਿੰਦਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਨਾਲ ਨਿਰਭਰਤਾ, ਸਹਿਯੋਗ, ਆਤਮ-ਸਮਰਪਣ ਅਤੇ ਟੀਮ ਵਰਕ ਦਾ ਵਿਕਾਸ ਹੁੰਦਾ ਹੈ | ਉਨ੍ਹਾਂ ਕਿਹਾ ਕਿ ਜਿੱਤ ਅਤੇ ਹਾਰ ਦੋਵੇਂ ਖੇਡ ਦਾ ਹਿੱਸਾ ਹਨ ਅਤੇ ਹਾਰਨ ਵਾਲੇ ਨੂੰ ਹੋਰ ਆਤਮਵਿਸ਼ਵਾਸ ਨਾਲ ਅੱਗੇ ਵਧਣ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ | ਉਨ੍ਹਾਂ ਜ਼ੋਰ ਦਿੱਤਾ ਕਿ ਖੇਡਾਂ ਨਾ ਸਿਰਫ਼ ਸਰੀਰਕ ਤੰਦਰੁਸਤੀ ਲਈ ਮਹੱਤਵਪੂਰਨ ਹਨ, ਸਗੋਂ ਬੱਚਿਆਂ ਦੇ ਮਾਨਸਿਕ ਵਿਕਾਸ ਵਿਚ ਵੀ ਵੱਡੀ ਭੂਮਿਕਾ ਅਦਾ ਕਰਦੀਆਂ ਹਨ | ਸਾਲਾਨਾ ਖੇਡ ਮਹੋਤਸਵ ਨੇ ਬੱਚਿਆਂ ਵਿਚ ਦੁਬਾਰਾ ਤਾਜ਼ਗੀ ਅਤੇ ਖ਼ੁਸ਼ੀ ਦੀ ਲਹਿਰ ਦੌੜਾਂ ਦਿੱਤੀ ਅਤੇ ਉਨ੍ਹਾਂ ਨੂੰ ਨਵੀਂ ਊਰਜਾ ਦੇ ਨਾਲ ਅੱਗੇ ਵਧਣ ਦੇ ਲਈ ਪ੍ਰੇਰਿਤ ਕੀਤਾ |