ਮੰਡੀ ਕਿੱਲਿਆਂਵਾਲੀ, 6 ਦਸੰਬਰ (ਸ਼ਾਂਤ)-ਪੰਚਾਇਤ ਸੰਮਤੀ ਲੰਬੀ ਦੀ ਚੋਣ ਲਈ ਨਾਮਜ਼ਦਗੀਆਂ ਦੀ ਵਾਪਸੀ ਉਪਰੰਤ ਸਮੁੱਚਾ ਚੋਣ ਅਖਾੜਾ 80 ਉਮੀਦਵਾਰਾਂ 'ਤੇ ਅਧਾਰਿਤ ਹੋਵੇਗਾ | ਅੱਜ 30 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਕਾਗਜ ਵਾਪਸ ਲੈ ਲਏ | ਜਿਸ ਮਗਰੋਂ ਹੁਣ ਸਭ ਤੋਂ ਵੱਧ ਪੰਜ ਉਮੀਦਵਾਰ ਫਤਿਹਪੁਰ ਮਣੀਆਂ ਜੋਨ ਵਿੱਚ ਹਨ | ਜੋਨ ਭੀਟੀਵਾਲਾ, ਤੱਪਾਖੇੜਾ ਤੇ ਮਹਿਮੂਦਖੇੜਾ ਵਿੱਚ ਸਿਰਫ਼ ਦੋ-ਦੋ ਉਮੀਦਵਾਰ ਹੋਣ ਕਰਕੇ ਇਨ੍ਹਾਂ ਤਿੰਨਾਂ ਥਾਵਾਂ 'ਤੇ ਸ਼੍ਰੋਮਣੀ ਅਕਾਲੀ ਦਲ ਅਤੇ ਆਪ ਵਿੱਚ ਸਿੱਧਾ ਮੁਕਾਬਲਾ ਹੋਵੇਗਾ | ਅਕਾਲੀ ਦਲ ਅਤੇ ਆਪ ਦੇ 25-25 ਜੋਨਾਂ ਅਤੇ ਕਾਂਗਰਸ ਦੇ 22 ਜੋਨਾਂ ਵਿਚ ਉਮੀਦਵਾਰ ਹਨ | ਭਾਜਪਾ ਇਸ ਸਿਆਸੀ ਹਲਕੇ ਦੇ ਸਿਰਫ਼ ਤਿੰਨ ਜੋਨਾਂ ਥਰਾਜਵਾਲਾ, ਸਿੱਖਵਾਲਾ ਤੇ ਫਤਿਹਪੁਰ ਮਣੀਆਂ ਵਿੱਚ ਉਮੀਦਵਾਰ ਖੜੇ੍ਹ ਕਰ ਸਕੀ ਹੈ ਜਦਕਿ ਛੇ ਜ਼ੋਨਾਂ 1, 13, 15, 16, 24 ਤੇ 25 ਵਿੱਚ ਚੌਕੋਨੇ ਮੁਕਾਬਲੇ ਹਨ | ਇਸ ਤੋਂ ਇਲਾਵਾ 15 ਜੋਨਾਂ ਵਿੱਚ ਕਾਂਗਰਸ, ਅਕਾਲੀ ਦਲ ਅਤੇ ਆਪ ਵਿੱਚ ਤਿਕੋਣੀ ਟੱਕਰ ਹੋਵੇਗੀ | ਸੰਮਤੀ ਦੇ ਵੱਖ-ਵੱਖ ਪੰਜ ਜ਼ੋਨਾਂ ਵਿੱਚ ਪੰਜ ਆਜ਼ਾਦ ਉਮੀਦਵਾਰ ਖੜ੍ਹੇ ਹਨ, ਜਿਨ੍ਹਾਂ ਦੇ ਚੋਣ ਨਿਸ਼ਾਨ ਮੰਜਾ, ਅਲਮੀਰਾ, ਏਸੀ, ਬੈਂਚ ਅਤੇ ਹਾਥੀ ਹਨ |