ਗਿੱਦੜਬਾਹਾ, 6 ਦਸੰਬਰ (ਸ਼ਿਵਰਾਜ ਸਿੰਘ ਬਰਾੜ)-ਸੰਮਤੀ ਚੋਣਾਂ ਦੀਆਂ ਨਾਮਜ਼ਦਗੀਆਂ ਦੇ ਅੱਜ ਵਾਪਸ ਲੈਣ ਦੇ ਆਖ਼ਰੀ ਦਿਨ 95 ਉਮੀਦਵਾਰ ਚੋਣ ਮੈਦਾਨ ਰਹਿ ਗਏ ਹਨ, ਉਮੀਦਵਾਰਾਂ ਦੀ ਲਿਸਟ ਚਿਪਕਾਉਣ ਉਪਰੰਤ ਹੀ ਵਿਰੋਧੀ ਰਾਜਸੀ ਪਾਰਟੀਆਂ ਨੇ ਸੁੱਖ ਦਾ ਸਾਹ ਲਿਆ | ਇਹ ਪਹਿਲੀ ਵਾਰ ਹੋਵੇਗਾ ਕਿ ਜਦੋਂ ਸੰਮਤੀ ਚੋਣਾਂ ਵਿਚ ਚਾਰ ਰਾਜਸੀ ਪਾਰਟੀਆਂ ਹਿੱਸਾ ਲੈ ਰਹੀਆਂ ਹਨ | ਜਾਣਕਾਰੀ ਅਨੁਸਾਰ ਹਲਕਾ ਗਿੱਦੜਬਾਹਾ ਵਿਚ ਸੰਮਤੀ ਦੇ 25 ਜ਼ੋਨ ਹਨ, ਜਿਸ ਲਈ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਭਾਜਪਾ ਅਤੇ 'ਆਪ' ਵਲੋਂ ਆਪਣੇ-ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਗਏ ਹਨ | ਜਾਣਕਾਰੀ ਅਨੁਸਾਰ 95 ਉਮੀਦਵਾਰਾਂ ਵਿਚੋਂ ਚਾਰ ਉਮੀਦਵਾਰ ਆਜ਼ਾਦ ਹਨ | ਸਥਾਨਕ 'ਆਪ' ਆਗੂਆਂ ਵਲੋਂ ਭਰੋਸਾ ਵੀ ਦਿੱਤਾ ਜਾਂਦਾ ਰਿਹਾ ਕਿ ਸੰਮਤੀ ਚੋਣਾਂ ਬਿਲਕੁਲ ਪਾਰਦਰਸ਼ੀ ਕਰਵਾਈਆਂ ਜਾਣਗੀਆਂ, ਉਮੀਦਵਾਰਾਂ ਨੂੰ ਚੋਣ ਨਿਸ਼ਾਨ ਮਿਲ ਜਾਣ ਉਪਰੰਤ ਹੁਣ ਉਹ ਚੋਣ ਪ੍ਰਚਾਰ ਦੀਆਂ ਤਿਆਰੀਆਂ ਵਿਚ ਜੁਟ ਗਏ ਹਨ | ਇਸ ਵਾਰ ਗਿੱਦੜਬਾਹਾ ਦੀ ਸਿਆਸਤ ਵਿਚ ਵੱਡੇ ਪੱਧਰ 'ਤੇ ਉਥਲ-ਪੁਥਲ ਹੋਣ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਅਤੇ ਚੋਣ ਨਤੀਜੇ ਦਿਲਚਸਪ ਹੋਣ ਦੀ ਉਮੀਦ ਹੈ |