ਮੰਡੀ ਕਿੱਲਿਆਂਵਾਲੀ, 18 ਦਸੰਬਰ (ਇਕਬਾਲ ਸਿੰਘ ਸ਼ਾਂਤ)-ਲੰਬੀ ਹਲਕੇ ਵਿਚੋਂ ਸੱਤਾ-ਪੱਖ 'ਆਪ' ਮਹਿਜ਼ 1378 ਦਿਨਾਂ ਵਿਚ ਵੋਟਰਾਂ ਦੇ ਮੂਹੋਂ ਲੱਥ ਗਈ ਹੈ | 2027 ਦੇ ਸੈਮੀ ਫ਼ਾਈਨਲ ਵਿਚ ਸਿਆਸੀ 'ਆਪ' ਦੇ ਹੱਥੋਂ ਖਿਸਕ ਮੁੜ ਤੋਂ ਬਾਦਲਮਈ ਹੋ ਗਿਆ | ਪੰਚਾਇਤ ਸੰਮਤੀ ਲੰਬੀ ਦੇ 20 ਜ਼ੋਨਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਨੂੰ ਜਿੱਤ ਮਿਲੀ ਹੈ | ਸੱਤਾਪੱਖ ਆਪ ਸਿਰਫ਼ ਚਾਰ ਪੰਚਾਇਤ ਸੰਮਤੀ ਜ਼ੋਨਾਂ 'ਤੇ ਸਿਮਟ ਗਈ | ਜਦਕਿ ਕਾਂਗਰਸ ਦੇ ਹੱਥ ਵਿਚ ਸਿਰਫ਼ ਚਨੂੰ ਜ਼ੋਨ ਆਇਆ ਹੈ | ਹਲਕੇ ਦੇ 4 ਜ਼ਿਲ੍ਹਾ ਪ੍ਰੀਸ਼ਦ ਜ਼ੋਨ ਵੀ ਅਕਾਲੀ ਦਲ ਦੀ ਝੋਲੀ ਪਏ ਹਨ | ਜ਼ਿਕਰਯੋਗ ਹੈ ਕਿ 10 ਮਾਰਚ 2022 ਨੂੰ ਲੰਬੀ ਹਲਕੇ ਵਿਚ ਬਾਬਾ ਬੋਹੜ ਨੂੰ ਹਰਾ ਕੇ ਇਤਿਹਾਸ ਰਚਿਆ ਗਿਆ ਸੀ | ਇਸ ਵਾਰ ਵੋਟਰਾਂ ਨੇ ਖੇਤੀ ਮੰਤਰੀ ਗੁਰਮੀਤ ਖੁੱਡੀਆਂ ਦੇ ਜੱਦੀ ਪਿੰਡ ਵਾਲੇ ਪੰਚਾਇਤ ਸੰਮਤੀ ਜ਼ੋਨ ਆਧਨੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਲੰਬੀ ਵਿਚ ਆਪ ਨੂੰ ਹਰਾ ਦਿੱਤਾ, ਇੱਥੇ ਸ਼ੋ੍ਰਮਣੀ ਅਕਾਲੀ ਦਲ ਦੀ ਝੰਡੀ ਰਹੀ | ਜ਼ਿਲ੍ਹਾ ਪ੍ਰੀਸ਼ਦ ਲੰਬੀ ਜ਼ੋਨ ਵਿਚ 'ਆਪ' 26 ਵੋਟਾਂ ਦੇ ਫ਼ਰਕ ਦੇ ਖੇਤੀ ਮੰਤਰੀ ਦੇ ਜੱਦੀ ਪਿੰਡ ਖੁੱਡੀਆਂ (ਗੁਲਾਬ ਸਿੰਘ) ਤੋਂ ਹਾਰ ਗਈ | ਵੱਡੀ ਗੱਲ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਲੰਬੀ ਤੋਂ 1882 ਵੋਟਾਂ ਦੇ ਫ਼ਰਕ ਨਾਲ ਜੇਤੂ ਅਕਾਲੀ ਉਮੀਦਵਾਰ ਜਗਮੀਤ ਸਿੰਘ ਚਹਿਲ ਵੀ ਪਿੰਡ ਖੁੱਡੀਆਂ (ਮਹਾਂ ਸਿੰਘ) ਦਾ ਵਸਨੀਕ ਹੈ | ਸ਼ੋ੍ਰਮਣੀ ਅਕਾਲੀ ਦਲ ਨੇ ਪੰਚਾਇਤ ਸੰਮਤੀ ਲੰਬੀ ਦੇ 20 ਜ਼ੋਨਾਂ ਥਰਾਜਵਾਲਾ, ਲਾਲਬਾਈ, ਬਾਦਲ, ਮਿਠੜੀ ਬੁੱਧਗਿਰ, ਕਿੱਲਿਆਂਵਾਲੀ, ਘੁਮਿਆਰਾ, ਹਾਕੂਵਾਲਾ, ਭੀਟੀਵਾਲਾ, ਆਧਨੀਆਂ, ਫ਼ਤਿਹਪੁਰ ਮਨੀਆਂ, ਤਪਾਖੇੜਾ, ਲੰਬੀ, ਤਰਮਾਲਾ, ਗੁਰੂਸਰ ਜੋਧਾ, ਕੋਲਿਆਂਵਾਲੀ, ਬੁਰਜ ਸਿਧਵਾਂ, ਸਰਾਵਾਂ ਬੋਦਲਾ, ਰਾਣੀਵਾਲਾ ਅਤੇ ਮੋਹਲਾਂ ਵਿਚ ਜਿੱਤ ਹਾਸਿਲ ਕੀਤੀ ਹੈ | ਆਮ ਆਦਮੀ ਪਾਰਟੀ ਨੇ ਜ਼ੋਨ ਮਹਿਣਾ, ਸਿੱਖਵਾਲਾ, ਮਹਿਮੂਦਖੇੜਾ, ਕਬਰਵਾਲਾ ਅਤੇ ਆਲਮਵਾਲਾ ਵਿਚ ਜਿੱਤ ਦਰਜ ਕੀਤੀ ਹੈ |