ਮਲੋਟ, 18 ਦਸੰਬਰ (ਅਜਮੇਰ ਸਿੰਘ ਬਰਾੜ)-ਮਾਰਕੀਟ ਕਮੇਟੀ ਮਲੋਟ ਦੇ ਤਿੰਨ ਵਾਰ ਚੇਅਰਮੈਨ ਰਹੇ ਬਸੰਤ ਸਿੰਘ ਕੰਗ ਦੇ ਨਿੱਜੀ ਪਿੰਡ ਵਿਰਕ ਖੇੜਾ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਆਪਣੀ ਜਿੱਤ ਪ੍ਰਾਪਤ ਕਰਨ ਵਿਚ ਸਫ਼ਲ ਰਿਹਾ | ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਰਮਨੀਤ ਕੌਰ ਸਾਬਕਾ ਸਰਪੰਚ ਨੇ ਇਸ ਵੱਕਾਰੀ ਸੀਟ 'ਤੇ 28 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ | ਇਸ ਜ਼ੋਨ ਵਿਚ ਪਿੰਡ ਵਿਰਕਖੇੜਾ ਤੋਂ ਇਲਾਵਾ ਢਾਣੀ ਗੁਰੂ ਕੇ ਆਸਲ, ਢਾਣੀ ਸੁੱਚਾ ਸਿੰਘ ਤੇ ਢਾਣੀ ਠਾਣਾ ਸਿੰਘ ਇਸ ਬਲਾਕ ਸੰਮਤੀ ਜ਼ੋਨ ਵਿਚ ਸ਼ਾਮਿਲ ਕੀਤੇ ਗਏ ਹਨ | ਸ਼੍ਰੋਮਣੀ ਅਕਾਲੀ ਦਲ ਨੂੰ ਜਿੱਥੇ ਪਿੰਡ ਵਿਰਕ ਖੇੜਾ ਤੋਂ ਘੱਟ ਵੋਟਾਂ ਮਿਲੀਆਂ ਉੱਥੇ ਢਾਣੀ ਠਾਣਾ ਸਿੰਘ ਤੋਂ ਲਗਪਗ 100 ਵੋਟ ਵੱਧ ਮਿਲੀ ਜਦਕਿ ਢਾਣੀ ਗੁਰੂ ਕੇ ਆਸਲ ਤੋਂ 47 ਦੇ ਕਰੀਬ ਅਤੇ ਢਾਣੀ ਸੁੱਚਾ ਸਿੰਘ ਤੋਂ ਲਗਭਗ 27 ਵੋਟਾਂ ਵੱਧ ਪ੍ਰਾਪਤ ਹੋਈਆਂ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਆਪਣੀ ਇਹ ਸੀਟ ਜਿੱਤਣ ਵਿਚ ਕਾਮਯਾਬ ਰਿਹਾ | ਸਾਬਕਾ ਵਿਧਾਇਕ ਹਰਪ੍ਰੀਤ ਸਿੰਘ, ਚੇਅਰਮੈਨ ਬਸੰਤ ਸਿੰਘ ਕੰਗ, ਪਿੰਦਰ ਕੰਗ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੋਸ਼ਲ ਮੀਡੀਆ ਦੇ ਇੰਚਾਰਜ ਗੁਰਲਾਲ ਸਿੰਘ ਕੰਗ ਨੇ ਇਸ ਜਿੱਤ 'ਤੇ ਵਧਾਈ ਦਿੰਦਿਆਂ ਲੋਕਾਂ ਦਾ ਧੰਨਵਾਦ ਵੀ ਕੀਤਾ |