ਜੈਤੋ, 18 ਦਸੰਬਰ (ਗੁਰਚਰਨ ਸਿੰਘ ਗਾਬੜੀਆ)-ਡਿਵੈਲਪਮੈਂਟ ਸਪੋਰਟਸ ਸੈਂਟਰ ਤੇ ਖੇਤੀ ਵਿਰਾਸਤ ਮਿਸ਼ਨ ਵਲੋਂ ਸਾਂਝੇ ਤੌਰ 'ਤੇ ਆਹਾਰ, ਮਿਲਟਸ ਤੇ ਰਿਤੂਚਰਿਆ ਜਾਗਰੂਕਤਾ ਵਿਸ਼ੇ 'ਤੇ 'ਸਿਹਤਮੰਦ ਪਰਿਵਾਰ ਸੰਵਾਦ ਨਾਮਕ ਦੋ ਰੋਜ਼ਾ ਵਰਕਸ਼ਾਪ ਕਰਵਾਈ ਗਈ | ਵਰਕਸ਼ਾਪ ਦੇ ਮੁੱਖ ਮਾਰਗਦਰਸ਼ਕ ਆਯੁਰਵੈਦਾਚਾਰਿਆ ਡਾ. ਸੁਨੀਲ ਆਰਿਆ ਐਮ.ਡੀ. ਆਯੂਰਵੈਦ ਗੁੜਗਾਂਵ ਰਹੇ | ਉਨ੍ਹਾਂ ਆਹਾਰ, ਰਿਤੂਚਰਿਆ ਤੇ ਜੀਵਨਸ਼ੈਲੀ ਆਧਾਰਿਤ ਆਯੂਰਵੈਦਿਕ ਸੋਚ ਨੂੰ ਵਿਸਥਾਰ ਨਾਲ ਸਮਝਾਉਂਦਿਆਂ ਕਿਹਾ ਕਿ ਸਾਡੀ ਰਸੋਈ ਹੀ ਸਾਡਾ ਪਹਿਲਾ ਸਿਹਤ ਕੇਂਦਰ ਹੈ ਤੇ ਮਸਾਲੇਦਾਨੀ ਹੀ ਘਰੇਲੂ ਦਵਾਖਾਨਾ ਹੈ | ਉਨ੍ਹਾਂ ਦੱਸਿਆ ਕਿ ਘਰ ਵਿਚ ਵਰਤੇ ਜਾਣ ਵਾਲੇ ਆਮ ਮਸਾਲੇ ਤੇ ਆਸ ਪਾਸ ਉਪਲਬਧ ਜੜੀ-ਬੂਟੀਆਂ ਸਹੀ ਤਰੀਕੇ ਨਾਲ ਵਰਤੀਆਂ ਜਾਣ ਤਾਂ ਕਈ ਆਮ ਅਤੇ ਗੰਭੀਰ ਬਿਮਾਰੀਆਂ ਤੋਂ ਬਚਾਅ ਸੰਭਵ ਹੈ | ਡਾ. ਆਰਿਆ ਨੇ ਵਰਕਸ਼ਾਪ ਦੌਰਾਨ ਭਾਗੀਦਾਰਾਂ ਨੂੰ ਆਯੂਰਵੈਦ ਅਨੁਸਾਰ ਵਾਤ, ਪਿੱਤ ਤੇ ਕਫ਼ ਪ੍ਰਕਿਰਤੀ ਦੀ ਪਹਿਚਾਣ ਕਰਵਾਈ ਤੇ ਹਰ ਪ੍ਰਕਿਰਤੀ ਅਨੁਸਾਰ ਉੱਚਿਤ ਆਹਾਰ, ਕਰਨ ਤੇ ਨਾ ਕਰਨ ਵਾਲੇ ਕੰਮ ਤੇ ਦਿਨਚਰਿਆ ਬਾਰੇ ਵਿਹਾਰਕ ਮਾਰਗਦਰਸ਼ਨ ਦਿੱਤਾ | ਉਨ੍ਹਾਂ ਕਿਹਾ ਕਿ ਇੱਕੋ ਜਿਹਾ ਭੌਜਨ ਤੇ ਜੀਵਨਸ਼ੈਲੀ ਹਰ ਵਿਅਕਤੀ ਲਈ ਲਾਭਕਾਰੀ ਨਹੀਂ ਹੁੰਦੀ | ਡਾ. ਆਰਿਆ ਨੇ ਮਿਲੇਟਸ ਨੂੰ ਦਿਨ ਦੇ ਘੱਟੋ ਘੱਟ ਇਕ ਭੋਜਨ ਵਿਚ ਸ਼ਾਮਿਲ ਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਤੇ ਦੱਸਿਆ ਕਿ ਇਸ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਅਤੇ ਜੀਵਨਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਤੋਂ ਬਚਾਅ ਹੋ ਸਕਦਾ ਹੈ | ਵਰਕਸ਼ਾਪ ਦੌਰਾਨ ਯੋਗਾਚਾਰਿਆ ਅਨੂਪ ਜ਼ੈਨ ਨੇ ਦੋਹੇਂ ਦਿਨ ਯੋਗ ਅਭਿਆਸ ਕਰਵਾਇਆ ਅਤੇ ਯੋਗ ਦੇ ਸਰੀਰਕ ਤੇ ਮਾਨਸਿਕ ਸਿਹਤ ਲਾਭਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਓਮੇਂਦਰ ਦੱਤ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਲੋਕ ਸਿਹਤ ਪ੍ਰੰਪਰਾਵਾਂ, ਲੋਕ ਆਯੂਰਵੈਦ, ਮਿਲੇਟਸ ਅਤੇ ਕੁਦਰਤੀ ਜੀਵਨਸ਼ੈਲੀ ਨੂੰ ਮੁੜ ਲੋਕ ਜੀਵਨ ਨਾਲ ਜ਼ੋੜਨ ਲਈ ਲਾਗਾਤਾਰ ਕੰਮ ਕਰ ਰਹੀ ਹੈ | ਡਿਵੈਲਪਮੈਂਟ ਸਪੋਰਟਸ ਸੈਂਟਰ ਦੇ ਤਕਨੀਕੀ ਮਾਹਿਰ ਅਭੈ ਟਾਕ ਤੇ ਮਿਰਾਕਲ ਮਿਲੇਟਸ ਦੇ ਪ੍ਰਜੈਕਟ ਮੁਖੀ ਸੰਜੀਵ ਸ਼ਰਮਾ ਨੇ ਮਿਲੇਟਸ ਦੇ ਪ੍ਰਚਾਰ-ਪ੍ਰਸਾਰ, ਪਖਤ ਤੇ ਕਿਸਾਨਾਂ ਨਾਲ ਜ਼ੋੜ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਖੇਤੀ ਵਿਰਾਸਤ ਮਿਸ਼ਨ ਦੀ ਮਿਲੇਟ ਸ਼ੈਫ਼ ਸਰਬਜੀਤ ਕੌਰ ਵਲੋਂ ਮਿਲੇਟਸ ਤੋਂ ਤਿਆਰ ਹੋਣ ਵਾਲੇ ਵੱਖ-ਵੱਖ ਪÏਸ਼ਟਿਕ ਪਕਵਾਨਾਂ ਬਾਬਤ ਦੱਸਿਆ ਤੇ ਕੁਝ ਪਕਵਾਨ ਤਿਆਰ ਕਰਕੇ ਵੀ ਦਿਖਾਏ | ਵਰਕਸ਼ਾਪ 'ਚ ਫ਼ਰੀਦਕੋਟ, ਬਠਿੰਡਾ ਤੇ ਸ੍ਰੀ ਮੁਕਤਸਰ ਸਾਹਿਬ ਜ਼ਿਲਿ੍ਹਆਂ ਤੋਂ ਆਏ ਮਿਲੇਟ ਖਪਤਕਾਰਾਂ, ਮਿਲੇਟ ਮਾਵਾਂ ਤੇ ਆਰਗੈਨਿਕ ਕਿਸਾਨਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ | ਅੰਤ 'ਚ ਸਾਰੇ ਵਿਦਵਾਨਾਂ, ਮਹਿਮਾਨਾਂ ਤੇ ਭਾਗ ਲੈਣ ਵਾਲਿਆਂ ਦਾ ਧੰਨਵਾਦ ਕੀਤਾ |