ਫ਼ਰੀਦਕੋਟ, 22 ਦਸੰਬਰ (ਜਸਵੰਤ ਸਿੰਘ ਪੁਰਬਾ)-ਗੁਰੂ ਰਾਮਦਾਸ ਫ਼ਿਜ਼ਿਓਥਰੈਪੀ ਸੈਂਟਰ ਫ਼ਿਰੋਜ਼ਪੁਰ ਰੋਡ ਵਿਖੇ 3 ਦਿਨਾਂ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਗਿਆ | ਜਿਸ ਦਾ ਆਰੰਭ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤਾ ਗਿਆ | ਭੋਗ ਉਪਰੰਤ ਚੇਅਰਮੈਨ ਨਗਰ ਸੁਧਾਰ ਟਰੱਸਟ ਫ਼ਰੀਦਕੋਟ ਗਗਨਦੀਪ ਸਿੰਘ ਧਾਲੀਵਾਲ ਵਲੋਂ ਰਸਮੀ ਉਦਘਾਟਨ ਕੀਤਾ ਗਿਆ | ਗੁਰੂ ਰਾਮਦਾਸ ਫ਼ਿਜ਼ਿਓਥਰੈਪੀ ਸੈਂਟਰ ਦੇ ਸੰਸਥਾਪਕ ਡਾ. ਮਨਿੰਦਰਪਾਲ ਸਿੰਘ ਉੱਪਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਕ ਫ਼ਿਜ਼ੀਓਥਰੈਪੀ ਸੈਂਟਰ ਪਹਿਲਾਂ ਤੋਂ ਹਰਿੰਦਰਾ ਨਗਰ ਵਿਖੇ ਪਿਛਲੇ 15 ਸਾਲ ਤੋਂ ਚੱਲ ਰਿਹਾ ਹੈ ਅਤੇ ਇਸੇ ਦੀ ਇਕ ਬਰਾਂਚ ਫ਼ਿਰੋਜ਼ਪੁਰ ਰੋਡ ਸਾਹਮਣੇ ਚੂੰਗੀ ਨੰਬਰ-5 ਫ਼ਰੀਦਕੋਟ ਵਿਖੇ ਸ਼ੁਰੂ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ 3 ਦਿਨਾਂ ਮੁਫ਼ਤ ਸਿਹਤ ਜਾਂਚ ਕੈਂਪ 'ਚ ਹਰ ਤਰ੍ਹਾਂ ਦਾ ਖੂਨ ਦਾ ਟੈਸਟ, ਥੈਰੇਪੀ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ | ਕੈਂਪ ਤੋਂ ਬਾਅਦ ਵੀ ਲੋੜਵੰਦਾਂ ਲਈ ਬਹੁਤ ਘੱਟ ਰੇਟ 'ਤੇ ਇਲਾਜ ਕੀਤਾ ਜਾਵੇਗਾ | ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ ਵਲੋਂ ਸੈਂਟਰ ਦਾ ਨਿਰੀਖਣ ਕੀਤਾ ਅਤੇ ਇਸ ਤਰ੍ਹਾਂ ਦੇ ਕੈਂਪ ਲਈ ਸ਼ਲਾਘਾ ਕੀਤੀ ਅਤੇ ਸ਼ੁਭਕਾਮਨਾਵਾਂ ਦਿੱਤੀਆਂ | ਕੈਂਪ ਵਿਚ ਸ਼ੇਖ ਫ਼ਰੀਦ ਲੈਬ ਫ਼ਰੀਦਕੋਟ ਵਲੋਂ ਸਾਰੇ ਟੈਸਟ ਮੁਫ਼ਤ ਕੀਤੇ ਗਏ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ | ਇਸ ਸੈਂਟਰ ਵਿਚ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਐਂਟੀ ਕੁਰੱਪਸ਼ਨ ਫਾਊਾਡੇਸ਼ਨ ਆਫ ਇੰਡੀਆ ਤੇ ਚੀਫ਼ ਡਾਇਰੈਕਟਰ ਪ੍ਰੋ. ਗੁਰਸੇਵਕ ਸਿੰਘ, ਸੈਂਟਰ ਸਟਾਫ਼ ਡਾ. ਕਰਿਸ਼ਨ ਰਾਏ, ਰੇਡੀਓਗਰਾਫਰ ਸਵਾਤੀ, ਮੋਨਾ ਲਿਜ਼ਾ, ਸ਼ਵਿੰਦਰ ਸਿੰਘ, ਮਨਦੀਪ ਤਿਵਾੜੀ, ਅਮਿਤ ਅਰੋੜਾ, ਸੌਰਵ ਨਾਗਪਾਲ ਆਦਿ ਹਾਜ਼ਰ ਸਨ |